ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਤੱਕ ਪਹੁੰਚਾਉਣ ਲਈ ਯੋਗੀ ਸਰਕਾਰ ਨੇ ਲਿਆ ਇਹ ਫੈਸਲਾ
Monday, May 04, 2020 - 12:13 PM (IST)

ਲਖਨਊ-ਕੋਰੋਨਾਵਾਇਰਸ ਦੇ ਮਾਮਲਿਆਂ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ 'ਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਟੀਮ-11 ਬਣਾਈ ਹੈ। ਮੁੱਖ ਮੰਤਰੀ ਯੋਗੀ ਅਕਸਰ ਇਨ੍ਹਾਂ ਨਾਲ ਮੀਟਿੰਗ ਕਰ ਕੇ ਮਾਮਲਿਆਂ ਦੀ ਜਾਣਕਾਰੀ ਲੈਂਦੇ ਹਨ ਅਤੇ ਇਸ ਦੇ ਨਾਲ ਹੀ ਅੱਗੇ ਦੇ ਫੈਸਲੇ ਵੀ ਤੈਅ ਕਰਦੇ ਹਨ। ਅੱਜ ਭਾਵ ਸੋਮਵਾਰ ਨੂੰ ਇਕ ਵਾਰ ਫਿਰ ਇਨ੍ਹਾਂ ਦੀ ਮੀਟਿੰਗ ਹੋਈ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਆਪਣੇ ਘਰਾਂ ਤੱਕ ਪਹੁੰਚਾਉਣ ਲਈ 10,000 ਬੱਸਾਂ ਦਾ ਪ੍ਰਬੰਧ ਕਰਨ ਦੀ ਗੱਲ ਕੀਤੀ ਹੈ। ਇੰਨਾ ਹੀ ਨਹੀਂ ਮੁੱਖ ਮੰਤਰੀ ਦੇ ਆਦੇਸ਼ ਦਿੱਤਾ ਹੈ ਕਿ ਇਨ੍ਹਾਂ ਸਾਰਿਆਂ ਦੀ ਮੈਡੀਕਲ ਸਕ੍ਰੀਨਿੰਗ ਦੇ ਲਈ 50,000 ਤੋਂ ਜ਼ਿਆਦਾ ਮੈਡੀਕਲ ਟੀਮਾਂ ਵੀ ਲਗਾਈਆਂ ਗਈਆਂ ਹਨ।
ਸੋਮਵਾਰ ਨੂੰ ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਤੋਂ 5 ਵੱਖਰੀਆਂ-ਵੱਖਰੀਆਂ ਟ੍ਰੇਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਪਹੁੰਚਣਗੀਆਂ। ਇਨ੍ਹਾਂ ਸਾਰਿਆਂ ਦੀ ਸ਼ੁਰੂਆਤ 'ਚ ਸਰਕਾਰ ਦੁਆਰਾ ਜ਼ਿਲਿਆਂ 'ਚ ਬਣਾਏ ਗਏ ਕੁਆਰੰਟੀਨ ਸੈਂਟਰਾਂ 'ਚ ਭਰਤੀ ਕਰਵਾਇਆ ਜਾਵੇਗਾ। ਫਿਰ ਉਨ੍ਹਾਂ ਦਾ ਮੈਡੀਕਲ ਟੈਸਟ ਹੋਵੇਗਾ। ਉਸ ਤੋਂ ਬਾਅਦ ਹੀ ਘਰ ਜਾਂ ਕੁਆਰੰਟੀਨ ਸੈਂਟਰ ਭੇਜਣ ਦਾ ਫੈਸਲਾ ਲਿਆ ਜਾਵੇਗਾ। ਮੈਡੀਕਲ ਜਾਂਚ 'ਚ ਜੋ ਲੋਕ ਸਿਹਤਮੰਦ ਮਿਲਣਗੇ, ਉਨ੍ਹਾਂ ਨੂੰ ਰਾਸ਼ਣ ਕਿੱਟਾਂ ਅਤੇ ਜਰੂਰੀ ਸਮਾਨ ਦੇ ਨਾਲ ਹੋਮ ਕੁਆਰੰਟੀਨ 'ਚ ਭੇਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੋ ਲੋਕ ਚੈੱਕਅਪ 'ਚ ਸਿਹਤਮੰਦ ਨਾ ਮਿਲਣਗੇ, ਉਨ੍ਹਾਂ ਦਾ ਹੈਲਥ ਸੈਂਟਰਾਂ 'ਚ ਇਲਾਜ ਕੀਤਾ ਜਾਵੇਗਾ। ਬੇਸਹਾਰਾ ਲੋਕਾਂ ਨੂੰ ਤਨਖਾਹ ਭੱਤਾ ਵੀ ਦੇਣ ਦੀ ਗੱਲ ਕੀਤੀ ਗਈ ਹੈ ਫਿਲਹਾਲ ਕੁਆਰੰਟੀਨ ਸੈਂਟਰ 'ਚ 11 ਲੱਖ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੂੰ ਉੱਥੇ ਕਮਿਊਨਿਟੀ ਕਿਚਨ ਰਾਹੀਂ ਭੋਜਨ ਵੀ ਉਪਲੱਬਧ ਕਰਵਾਇਆ ਜਾਵੇਗਾ।
ਦੱਸਣਯੋਗ ਹੈ ਕਿ ਦੇਸ਼ਵਿਆਪੀ ਲਾਕਡਾਊਨ ਦੇ ਕਾਰਨ ਕਈ ਪ੍ਰਵਾਸੀ ਮਜ਼ਦੂਰ ਲਗਭਗ ਡੇਢ ਮਹੀਨੇ ਤੋਂ ਦੂਜੇ ਸੂਬਿਆਂ 'ਚ ਫਸੇ ਹੋਏ ਹਨ ਪਰ ਗ੍ਰਹਿ ਮੰਤਰਾਲੇ ਦੇ ਨਵੇਂ ਆਦੇਸ਼ ਤੋਂ ਬਾਅਦ ਹੁਣ ਇਨ੍ਹਾਂ ਸਾਰਿਆਂ ਨੂੰ ਵਾਰੀ-ਵਾਰੀ ਆਪਣੇ ਗ੍ਰਹਿ ਸੂਬੇ 'ਚ ਭੇਜਿਆ ਜਾ ਰਿਹਾ ਹੈ।