ਕੋਰੋਨਾ ਨਾਲ ਜੰਗ : ਪੰਜਾਬ ਤੋਂ ਬਾਅਦ ਮਹਾਰਾਸ਼ਟਰ 'ਚ ਵੀ ਕਰਫਿਊ ਦਾ ਐਲਾਨ

Monday, Mar 23, 2020 - 06:30 PM (IST)

ਕੋਰੋਨਾ ਨਾਲ ਜੰਗ : ਪੰਜਾਬ ਤੋਂ ਬਾਅਦ ਮਹਾਰਾਸ਼ਟਰ 'ਚ ਵੀ ਕਰਫਿਊ ਦਾ ਐਲਾਨ

ਮੁੰਬਈ— ਭਾਰਤ 'ਚ ਵਧਦੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਮੂਹ 'ਚ ਲੋਕਾਂ ਨੂੰ ਕਿਤੇ ਨਹੀਂ ਜਾਣ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ 'ਚ ਵੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਕਰਫਿਊ ਲਾ ਦਿੱਤਾ ਗਿਆ ਹੈ। 

ਮੁੱਖ ਮੰਤਰੀ ਨੇ ਲੋਕਾਂ ਦੇ ਰਵੱਈਏ ਤੋਂ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਮਜ਼ਬੂਰੀ 'ਚ ਕਰਫਿਊ ਦਾ ਐਲਾਨ ਕਰ ਰਹੇ ਹਨ। ਪੂਰੇ ਸੂਬੇ ਵਿਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਲੋਕ ਲਾਕ ਡਾਊਨ ਦਾ ਪਾਲਣ ਨਹੀਂ ਕਰ ਰਹੇ ਸਨ ਅਤੇ ਉਹ ਕਰਫਿਊ ਦਾ ਐਲਾਨ ਕਰਨ 'ਤੇ ਮਜਬੂਰ ਹੋਏ ਹਨ। ਇਸ ਦੇ ਨਾਲ ਹੀ ਇਕ ਜ਼ਿਲੇ ਤੋਂ ਦੂਜੇ ਜ਼ਿਲੇ 'ਚ ਟਰਾਂਸਪੋਰਟ ਵੀ ਬੰਦ ਹੋ ਗਿਆ ਹੈ। ਹਾਲਾਂਕਿ ਜ਼ਰੂਰੀ ਚੀਜ਼ਾਂ ਦੀ ਸਪਲਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਸੂਬੇ ਅੰਦਰ ਆਉਣ ਵਾਲੇ ਸਾਰੇ ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ ਹਨ। ਇੱਥੇ ਦੱਸ ਦੇਈਏ ਕਿ ਮਹਾਰਾਸ਼ਟਰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ 'ਚੋਂ ਹੈ। ਇੱਥੇ ਕੋਰੋਨਾ ਦੇ 80 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕੱਲੇ ਮਹਾਰਾਸ਼ਟਰ ਵਿਚ 3 ਲੋਕਾਂ ਦੀ ਮੌਤ ਇਲਾਜ ਦੌਰਾਨ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਲੱਗਾ ਕਰਫਿਊ, ਹਰ ਤਰ੍ਹਾਂ ਦੀ ਰਿਆਇਤ 'ਤੇ ਰੋਕ


author

Tanu

Content Editor

Related News