ਕਿਸੇ ਅੱਤਵਾਦੀ ਹਮਲੇ ਤੋਂ ਵੀ ਵੱਧ ਖਤਰਨਾਕ ਹੈ ਕੋਰੋਨਾ ਵਾਇਰਸ : WHO
Thursday, Apr 30, 2020 - 01:29 PM (IST)

ਜਨੇਵਾ/ਨਵੀਂ ਦਿੱਲੀ (ਵਾਰਤਾ)— ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕੋਰੋਨਾ ਵਾਇਰਸ ਨੂੰ ਕਿਸੇ ਅੱਤਵਾਦੀ ਹਮਲੇ ਤੋਂ ਵੀ ਵੱਧ ਖਤਰਨਾਕ ਦੱਸਦੇ ਹੋਏ ਕਿਹਾ ਕਿ ਇਹ ਦੁਨੀਆ 'ਚ ਉਥਲ-ਪੁਥਲ ਮਚਾ ਸਕਦਾ ਹੈ। ਇਸ ਖਤਰਨਾਕ ਵਾਇਰਸ ਨਾਲ ਸਾਰੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ। 'ਕੋਵਿਡ-19' 'ਤੇ ਨਿਯਮਿਤ ਪ੍ਰੈੱਸ ਕਾਨਫਰੰਸ ਨੂੰ ਬੁੱਧਵਾਰ ਨੂੰ ਸੰਬੋਧਿਤ ਕਰਦੇ ਹੋਏ ਡਬਲਿਊ. ਐੱਚ. ਓ. ਦੇ ਜਨਰਲ ਡਾਇਰੈਕਟਰ ਡਾ. ਤੇਦ੍ਰੋਸ ਗੇਬ੍ਰੀਯੇਸਸ ਨੇ ਕਿਹਾ ਕਿ ਇਸ ਵਾਇਰਸ ਨੂੰ ਹਰਾਉਣ ਲਈ ਇਤਿਹਾਸ ਦੇ ਕਿਸੇ ਵੀ ਪਲ ਤੋਂ ਵੱਧ ਇਸ ਸਮੇਂ ਮਨੁੱਖੀ ਜਾਤੀ ਨੂੰ ਇਕ ਹੋ ਕੇ ਖੜ੍ਹੇ ਹੋਣ ਦੀ ਲੋੜ ਹੈ। ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਇਹ ਵਾਇਰਸ ਕਹਿਰ ਵਰ੍ਹਾ ਸਕਦਾ ਹੈ। ਇਹ ਕਿਸੇ ਅੱਤਵਾਦੀ ਹਮਲੇ ਤੋਂ ਵੀ ਵੱਧ ਕੇ ਹੈ।
ਇਹ ਵਾਇਰਸ ਇੰਨਾ ਖਤਰਨਾਕ ਹੈ ਕਿ ਸਿਆਸੀ, ਆਰਥਿਕ ਅਤੇ ਸਮਾਜਿਕ ਉਥਲ-ਪੁਥਲ ਮਚਾਉਣ 'ਚ ਸਮਰੱਥ ਹੈ। ਚੋਣ ਸਾਡੇ ਹੱਥ 'ਚ ਹੈ ਅਤੇ ਸਾਨੂੰ ਰਾਸ਼ਟਰੀ ਪੱਧਰ 'ਤੇ ਏਕਤਾ ਅਤੇ ਕੌਮਾਂਤਰੀ ਪੱਧਰ 'ਤੇ ਇਕਜੁੱਟਤਾ ਨੂੰ ਚੁਣਨਾ ਚਾਹੀਦਾ ਹੈ। ਕੋਵਿਡ-19 ਲਈ ਟੀਕੇ ਦੇ ਵਿਕਾਸ ਬਾਰੇ ਪੁੱਛੇ ਜਾਣ 'ਤੇ ਤੇਦ੍ਰੋਸ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਦੱਸਿਆ ਗਿਆ ਸੀ ਕਿ ਇਕ-ਡੇਢ ਸਾਲ 'ਚ ਟੀਕਾ ਵਿਕਸਿਤ ਕਰ ਲਿਆ ਜਾਵੇਗਾ। ਅਨੁਮਾਨਤ ਸਮੇਂ ਮੁਤਾਬਕ ਆਉਣ ਵਾਲੇ 10 ਤੋਂ 16 ਮਹੀਨਿਆਂ ਵਿਚ ਟੀਕਾ ਬਣ ਜਾਣਾ ਚਾਹੀਦਾ ਹੈ ਪਰ ਅਸੀਂ ਇਸ ਕੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਪਿਛਲੇ ਹਫਤੇ ਇਕ ਪਹਿਲ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਕਈ ਏਜੰਸੀਆਂ ਅਤੇ ਕਈ ਦੇਸ਼ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਡਬਲਿਊ. ਐੱਚ. ਓ. ਨੇ ਹੁਣ ਤੱਕ 23 ਲੱਖ ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ ਪਰ ਇਹ ਕਾਫੀ ਨਹੀਂ ਹੈ। ਉਸ ਦੀ ਯੋਜਨਾ ਹੋਰ ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੀ ਹੈ।