3 ਤੋਂ 8 ਸਾਲ ਦੇ ਬੱਚੇ ਕੋਰੋਨਾ ਪਾਜ਼ੀਟਿਵ, ਚਿਤਾਵਨੀ ਦੇ ਰਹੇ ਹਨ ਇੰਦੌਰ ਦੇ ਅੰਕੜੇ
Wednesday, Apr 01, 2020 - 01:22 PM (IST)
ਇੰਦੌਰ— ਮੱਧ ਪ੍ਰਦੇਸ਼ 'ਚ ਬੁੱਧਵਾਰ ਨੂੰ ਕੋਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 86 ਹੋ ਗਈ ਹੈ। ਸੂਬੇ 'ਚ ਵਧਦੇ ਅੰਕੜਿਆਂ ਦਰਮਿਆਨ ਸਭ ਤੋਂ ਚਿੰਤਾਜਨਕ ਹੈ, ਸੂਬੇ 'ਚ ਬੱਚਿਆਂ ਦਰਮਿਆਨ ਵਧਦਾ ਕੋਰੋਨਾ ਦਾ ਇਨਫੈਕਸ਼ਨ।
ਇਹ ਵੀ ਪੜ੍ਹੋ : ਕੋਰੋਨਾ ਨਾਲ ਜੰਗ : ਡਾਕਟਰ ਦੀ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ, ਲੋਕ ਬੋਲੇ- 'ਅਸਲੀ ਹੀਰੋ'
ਕੋਰੋਨਾ ਪਾਜ਼ੀਟਿਵ ਬੱਚਿਆਂ ਦੀ ਉਮਰ 3, 5 ਅਤੇ 8 ਸਾਲ
ਇਕ ਨਿਊਜ਼ ਏਜੰਸੀ ਅਨੁਸਾਰ 20 ਨਵੇਂ ਮਾਮਲਿਆਂ 'ਚ 19 ਇੰਦੌਰ ਤੋਂ ਹਨ ਅਤੇ ਇਕ ਖਰਗੌਨ ਤੋਂ। ਚਿੰਤਾਜਨਕ ਗੱਲ ਹੈ ਕਿ ਇੰਦੌਰ ਤੋਂ ਜੋ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚੋਂ 9 ਇਕ ਹੀ ਪਰਿਵਾਰ ਤੋਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੰਦੌਰ ਦੇ ਤੰਜੀਮ ਨਗਰ 'ਚ ਰਹਿਣ ਵਾਲੇ ਇਸ ਪਰਿਵਾਰ ਦੇ 3 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਬੱਚਿਆਂ ਦੀ ਉਮਰ 3, 5 ਅਤੇ 8 ਸਾਲ ਹੈ।
ਇਹ ਵੀ ਪੜ੍ਹੋ : ਯੂ.ਪੀ. 'ਚ ਕੋਰੋਨਾ ਨਾਲ ਪਹਿਲੀ ਮੌਤ, 25 ਸਾਲਾ ਨੌਜਵਾਨ ਨੇ ਤੋੜਿਆ ਦਮ
ਕੋਰੋਨਾ ਪਾਜ਼ੀਟਿਵ ਲੋਕਾਂ 'ਚ ਇਕ ਪੁਲਸ ਅਧਿਕਾਰੀ ਵੀ ਸ਼ਾਮਲ
ਇੰਦੌਰ ਦੇ ਕੋਰੋਨਾ ਪਾਜ਼ੀਟਿਵ ਲੋਕਾਂ 'ਚ ਇਕ ਪੁਲਸ ਅਧਿਕਾਰੀ ਵੀ ਸ਼ਾਮਲ ਹੈ। ਐਡੀਸ਼ਨਲ ਐੱਸ.ਪੀ. ਗੁਰੂ ਪ੍ਰਸਾਦ ਪਰਾਸ਼ਰ ਨੇ ਕਿਹਾ ਕਿ ਬੀਮਾਰ ਪੁਲਸ ਕਰਮਚਾਰੀ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਪੁਲਸ ਕਰਮਚਾਰੀ ਦੀ ਪਤਨੀ ਅਤੇ ਬੇਟੀ ਨੂੰ ਹਸਪਤਾਲ ਦੇ ਵੱਖ-ਵੱਖ ਵਾਰਡ 'ਚ ਰੱਖਿਆ ਹੈ। ਜਿਸ ਪੁਲਸ ਥਾਣੇ 'ਚ ਅਧਿਕਾਰੀ ਤਾਇਨਾਤ ਸੀ, ਉਸ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ ਅਤੇ ਇਨਫੈਕਸ਼ਨ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਇੰਦੌਰ 'ਚ ਕੋਰੋਨਾ ਦਾ ਇਨਫੈਕਸ਼ਨ ਸਭ ਤੋਂ ਵਧ ਹੈ, ਇੱਥੇ ਕੋਰੋਨਾ ਦੇ 63 ਮਾਮਲੇ ਹੁਣ ਤੱਕ ਸਾਹਮਣੇ ਆ ਚੁਕੇ ਹਨ। ਇਨ੍ਹਾਂ 'ਚੋਂ 3 ਲੋਕਾਂ ਦੀ ਮੌਤ ਹੋ ਚੁਕੀ ਹੈ।