ਬੀਤੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 9304 ਨਵੇਂ ਮਾਮਲੇ, ਹੁਣ ਤੱਕ 6 ਹਜ਼ਾਰ ਤੋਂ ਵੱਧ ਮੌਤਾਂ

Thursday, Jun 04, 2020 - 10:45 AM (IST)

ਬੀਤੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 9304 ਨਵੇਂ ਮਾਮਲੇ, ਹੁਣ ਤੱਕ 6 ਹਜ਼ਾਰ ਤੋਂ ਵੱਧ ਮੌਤਾਂ

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਜ਼ਬਰਦਸਤ ਉਛਾਲ ਆਇਆ ਹੈ। ਵੀਰਵਾਰ ਨੂੰ ਸਿਹਤ ਮਹਿਕਮੇ ਵਲੋਂ ਜਾਰੀ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ 'ਚ 9 ਹਜ਼ਾਰ 304 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 24 ਘੰਟਿਆਂ 'ਚ ਹੀ ਇਸ ਜਾਨਲੇਵਾ ਬੀਮਾਰੀ ਦੀ ਲਪੇਟ 'ਚ ਆ ਕੇ 260 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਪਿਛਲੇ 24 ਘੰਟਿਆਂ 'ਚ 3 ਹਜ਼ਾਰ 804 ਲੋਕ ਠੀਕ ਹੋਏ ਹਨ। ਹੁਣ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 2 ਲਖ 16 ਹਜ਼ਾਰ 919 ਹੈ। ਇਨ੍ਹਾਂ 'ਚੋਂ 6 ਹਜ਼ਾਰ 75 ਲੋਕਾਂ ਦੀ ਮੌਤ ਹੋ ਚੁਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਕਰੀਬ 50 ਫੀਸਦੀ ਯਾਨੀ ਇਕ ਲੱਖ 4 ਹਜ਼ਾਰ 107 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਚੁਕੇ ਹਨ। ਹੁਣ ਦੇਸ਼ 'ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਇਕ ਲੱਖ 6 ਹਜ਼ਾਰ 737 ਹੈ। ਪਿਛਲੇ ਕੁਝ ਦਿਨਾਂ 'ਚ ਮਰੀਜ਼ਾਂ ਦੇ ਠੀਕ ਹੋਣ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ।

ਕੋਰੋਨਾ ਲਾਗ ਦੀ ਬਿਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਰਾਸ਼ਟਰ ਹੈ। ਇੱਥੇ ਕੁੱਲ ਮਰੀਜ਼ਾਂ ਦਾ ਅੰਕੜਾ ਕਰੀਬ 75 ਹਜ਼ਾਰ ਹੈ। ਹੁਣ ਤੱਕ 2 ਹਜ਼ਾਰ 587 ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਜਦੋਂ ਕਿ 32 ਹਜ਼ਾਰ ਤੋਂ ਵਧ ਲੋਕ ਠੀਕ ਹੋ ਚੁਕੇ ਹਨ। ਹੁਣ ਕਰੀਬ 40 ਹਜ਼ਾਰ ਸਰਗਰਮ ਮਾਮਲੇ ਹਨ। ਦੂਜੇ ਨੰਬਰ 'ਤੇ ਤਾਮਿਲਨਾਡੂ ਹੈ, ਇੱਥੇ ਹੁਣ ਤੱਕ ਕਰੀਬ 26 ਹਜ਼ਾਰ ਮਾਮਲੇ ਸਾਹਮਣੇ ਆਏ ਹਨ, ਜਿਹਨਾਂ `ਚੋਂ 208 ਲੋਕਾਂ ਦੀ ਮੌਤ ਹੋ ਚੁਕੀ ਹੈ।

ਕੋਰੋਨਾ ਦੇ ਕੁੱਲ ਮਾਮਲਿਆਂ 'ਚ ਤੀਜੇ ਨੰਬਰ 'ਤੇ ਦਿੱਲੀ ਹੈ। ਇੱਥੇ ਹੁਣ ਤੱਕ 23 ਹਜ਼ਾਰ 645 ਮਾਮਲੇ ਸਾਹਮਣੇ ਆ ਚੁਕੇ ਹਨ, ਜਿਹਨਾਂ `ਚੋਂ 606 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 9542 ਲੋਕ ਠੀਕ ਹੋ ਚੁੱਕੇ ਹਨ। ਉੱਥੇ ਹੀ ਗੁਜਰਾਤ 'ਚ ਕੁੱਲ ਮਰੀਜ਼ਾਂ ਦਾ ਅੰਕੜਾ 18 ਹਜ਼ਾਰ 100 ਹੋ ਗਿਆ ਹੈ, ਜਿਸ 'ਚ 1122 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਰਾਜਸਥਾਨ 'ਚ ਕੁੱਲ ਮਰੀਜ਼ਾਂ ਦੀ ਗਿਣਤੀ 9652 ਹੈ, ਜਿਸ 'ਚ 209 ਲੋਕਾਂ ਦੀ ਮੌਤ ਹੋ ਚੁਕੀ ਹੈ। ਮੱਧ ਪ੍ਰਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 8588 ਹੈ, ਜਿਸ 'ਚ 371 ਦੀ ਮੌਤ ਹੋ ਚੁਕੀ ਹੈ। ਉੱਤਰ ਪ੍ਰਦੇਸ਼ 'ਚ ਮਰੀਜ਼ਾਂ ਦਾ ਅੰਕੜਾ 8729 ਹੈ, ਜਿਸ 'ਚ 229 ਲੋਕ ਜਾਨ ਗਵਾ ਚੁਕੇ ਹਨ।


author

DIsha

Content Editor

Related News