ਕੋਰੋਨਾ ਨਾਲ ਲੜਨ ਲਈ ਕਿਸਾਨ ਡੱਟ ਕੇ ਕਰ ਰਹੇ ਹਨ ਸ਼ਿਕੰਜਵੀ, ਕਾੜ੍ਹੇ ਅਤੇ ਮਲਟੀ-ਵਿਟਾਮਿਨ ਕੈਪਸੂਲਾਂ ਦੀ ਵਰਤੋਂ
Monday, May 10, 2021 - 09:45 AM (IST)
ਨਵੀਂ ਦਿੱਲੀ- ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਲਗਭਗ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਪਣੇ ਖਾਣ-ਪੀਣ ਵਿਚ ਸ਼ਿਕੰਜਵੀ ਅਤੇ ਦੇਸੀ ਕਾੜ੍ਹੇ ਦਾ ਸੇਵਨ ਵਧਾ ਦਿੱਤਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਰੋਜ਼ਾਨਾ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਹਜ਼ਾਰਾਂ ਲੋਕ ਬੀਮਾਰੀ ਦੀ ਲਪੇਟ ਵਿਚ ਆ ਰਹੇ ਹਨ। ਇਸ ਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਵਾਪਸ ਜਾਣ ਲਈ ਤਿਆਰ ਨਹੀਂ। ਕਿਸਾਨਾਂ ਨੇ ਵਾਇਰਸ ਖ਼ਿਲਾਫ਼ ਰੋਗ-ਰੋਕੂ ਸਮਰੱਥਾ ਵਧਾਉਣ ਲਈ ਜ਼ਿੰਕ ਅਤੇ ਮਲਟੀ-ਵਿਟਾਮਿਨ ਦੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕਾਕਰਨ ਕਰਵਾਉਣ ਲਈ ਤਿਆਰ ਹਨ।
ਇਹ ਵੀ ਪੜ੍ਹੋ : ਰਾਹੁਲ ਨੇ ਕੋਵਿਡ ਮਹਾਮਾਰੀ ਨੂੰ 'ਮੋਵਿਡ' ਮਹਾਮਾਰੀ ਕਹਿ ਕੇ ਉਡਾਇਆ PM ਮੋਦੀ ਦਾ ਮਜ਼ਾਕ
ਦੇਸੀ ਕਾੜ੍ਹੇ ਤੇ ਮਲਟੀ-ਵਿਟਾਮਿਨ ਦੇ ਕੈਪਸੂਲਾਂ ਦਾ ਕਰ ਰਹੇ ਹਨ ਸੇਵਨ
ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਸੈਂਕੜੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ’ਤੇ ਡੇਰਾ ਲਾ ਕੇ ਬੈਠੇ ਹਨ। ਕਈ ਕਿਸਾਨਾਂ ਨੂੰ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਹਟਾਇਆ ਜਾ ਰਿਹਾ ਹੈ ਅਤੇ ਲੱਛਣ ਵਾਲੇ ਕੁਝ ਅੰਦੋਲਨਕਾਰੀਆਂ ਦਾ ਇਲਾਜ ਚੱਲ ਰਿਹਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਕੋਰੋਨਾ ਵਾਇਰਸ ਦੇ ਮਾਮਲੇ ਨਹੀਂ ਹਨ। ਕਿਸਾਨ ਆਪਣਾ ਖਿਆਲ ਰੱਖ ਰਹੇ ਹਨ ਅਤੇ ਦੇਸੀ ਕਾੜ੍ਹੇ ਤੇ ਮਲਟੀ-ਵਿਟਾਮਿਨ ਦੇ ਕੈਪਸੂਲਾਂ ਦੀ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ : ਹਸਪਤਾਲਾਂ 'ਚ ਇਲਾਜ ਲਈ ਹੁਣ ਕੋਰੋਨਾ ਟੈਸਟ ਜ਼ਰੂਰੀ ਨਹੀਂ, ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਟਿੱਕਰੀ ਬਾਰਡਰ 'ਤੇ ਸਥਾਪਤ ਕੀਤਾ ਜਾਵੇ ਟੀਕਾਕਰਨ ਕੇਂਦਰ
ਕਿਸਾਨ ਨੇਤਾ ਕੁਲਵੰਤ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਦੇ ਇਕ ਹਸਪਤਾਲ ਵਿਚ ਟੀਕਾਕਰਨ ਕੇਂਦਰ ਚਲਾਇਆ ਜਾ ਰਿਹਾ ਹੈ। ਸਾਡੇ ਇਕ ਨੇਤਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਸਨ। ਉਹ ਹੁਣ ਠੀਕ ਹਨ। ਜਿਨ੍ਹਾਂ ਲੋਕਾਂ ’ਚ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਬਾਰਡਰ ’ਤੇ ਕਿਸਾਨ ਪੌਸ਼ਟਿਕ ਭੋਜਨ ਲੈ ਰਹੇ ਹਨ। ਬਾਰਡਰ ਦੇ ਨੇੜੇ ਹਸਪਤਾਲ ਵਿਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਮੈਂ ਪੰਜਾਬ ਵਿਚ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਅਗਲੀ ਖੁਰਾਕ ਲਈ ਵੀ ਮੈਂ ਵਾਪਸ ਪੰਜਾਬ ਜਾਵਾਂਗਾ। ਟਿੱਕਰੀ ਬਾਰਡਰ 'ਤੇ ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ,''ਅਸੀਂ ਟੀਕਾਕਰਨ ਲਈ ਅਧਿਕਾਰੀਆਂ ਨੂੰ ਟਿੱਕਰੀ ਬਾਰਡਰ 'ਤੇ ਕੇਂਦਰ ਸਥਾਪਤ ਕਰਨ ਦੀ ਅਪੀਲ ਕੀਤੀ ਸੀ ਪਰ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ।''
ਇਹ ਵੀ ਪੜ੍ਹੋ : PM ਮੋਦੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਫੋਨ ’ਤੇ ਕੀਤੀ ਗੱਲ, ਕੋਰੋਨਾ ਆਫ਼ਤ ’ਤੇ ਹੋਈ ਚਰਚਾ