ਕੋਰੋਨਾ ਨੂੰ ਹਰਾਉਣ ਲਈ ਇਕਜੁੱਟ ਹੋਣਾ ਬੇਹੱਦ ਜ਼ਰੂਰੀ ਹੈ : ਕੇਜਰੀਵਾਲ

03/24/2020 6:04:28 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਖਤਰਾ ਦੇਸ਼ ਭਰ 'ਚ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹੁਣ ਕੋਰੋਨਾ ਦਾ ਨਵਾਂ ਕੇਸ ਨਹੀਂ ਸਾਹਮਣੇ ਆਇਆ ਹੈ। ਦਿੱਲੀ 'ਚ ਕੁੱਲ 30 ਕੇਸਾਂ ਦੀ ਪੁਸ਼ਟੀ ਹੋਈ ਹੈ। 5 ਲੋਕ ਠੀਕ ਹੋ ਚੁੱਕੇ ਹਨ ਅਤੇ 23 ਮਰੀਜ਼ਾਂ ਦਾ ਇਲਾਜ ਜਾਰੀ ਹੈ। ਪਰ ਖੁਸ਼ ਹੋਣ ਦੀ ਲੋੜ ਨਹੀਂ ਹੈ। ਸਾਡੇ ਸਾਹਮਣੇ ਅਜੇ ਵੀ ਵੱਡੀ ਚੁਣੌਤੀ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੱਲ ਲਾਕ ਡਾਊਨ ਕੀਤਾ ਗਿਆ ਸੀ ਅਤੇ ਅੱਜ ਤੋਂ ਦਿੱਲੀ 'ਚ ਕਰਫਿਊ ਲਾ ਦਿੱਤਾ ਗਿਆ ਹੈ। ਲੋਕ ਤਕਲੀਫ ਵਿਚ ਹਨ ਪਰ ਇਸ ਸਮੇਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਇਸ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। 

ਕੇਜਰੀਵਾਲ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਇਸ ਸਥਿਤੀ 'ਚ ਵੀ ਲੋਕ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ। ਜੋ ਕਿਰਾਏ ਦੇ ਮਕਾਨਾਂ 'ਚ ਰਹਿ ਰਹੇ ਹਨ ਤਾਂ ਮਕਾਨ ਮਾਲਿਕ ਕਿਰਾਇਆ ਕੁਝ ਸਮੇਂ ਲਈ ਟਾਲ ਦੇਣ। ਮੈਨੂੰ ਲਗਾਤਾਰ ਸੰਦੇਸ਼ ਆ ਰਹੇ ਹਨ, ਜਿਸ 'ਚ ਲੋਕ ਕਹਿ ਰਹੇ ਹਨ ਕਿ ਮੈਂ ਆਪਣੇ ਕਿਰਾਏਦਾਰ ਤੋਂ ਮਾਰਚ ਮਹੀਨੇ ਦਾ ਕਿਰਾਇਆ ਨਹੀਂ ਲਵਾਂਗਾ। ਮੁਸ਼ਕਲ ਸਮੇਂ 'ਚ ਲੋਕ ਇਕ-ਦੂਜੇ ਦੀ ਮਦਦ ਕਰ ਰਹੇ ਹਨ, ਅਜਿਹੇ ਸੰਦੇਸ਼ਾਂ ਤੋਂ ਮੈਨੂੰ ਖੁਸ਼ੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਕੱਲ ਮੈਂ ਮੁਫ਼ਤ 'ਚ ਖਾਣਾ ਦੇਣ ਦੀ ਗੱਲ ਕੀਤੀ ਸੀ। ਜੋ ਬੇਘਰ ਹਨ, ਉਨ੍ਹਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਵੇ। ਸਰਕਾਰ ਆਪਣੇ ਵਲੋਂ ਮਦਦ ਕਰ ਰਹੀ ਹੈ। ਸਾਰੇ ਲੋਕਾਂ ਨੂੰ ਇਹ ਠਾਣ ਲੈਣਾ ਚਾਹੀਦਾ ਹੈ ਕਿ ਕੋਈ ਭੁੱਖਾ ਨਾ ਸੌਂਵੇ। ਅਸੀਂ ਰੈਨ ਬਸੇਰਿਆਂ ਦੀ ਗਿਣਤੀ ਵਧਾ ਰਹੇ ਹਾਂ, ਖੁਸ਼ੀ ਹੈ ਕਿ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆ ਰਹੇ ਹਨ। 

ਕੇਜਰੀਵਾਲ ਨੇ ਕਿਹਾ ਕਿ ਮੈਨੂੰ ਇਕ ਦੁੱਖ ਵੀ ਹੈ, ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਅਸੀਂ ਸਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਸ਼ਾਮ 5 ਵਜੇ ਆਪਣੇ ਘਰਾਂ ਦੀਆਂ ਖਿੜਕੀਆਂ, ਬਾਲਕਨੀਆਂ 'ਚ ਆ ਕੇ ਤਾੜੀਆਂ ਅਤੇ ਥਾਲੀਆਂ ਵਜਾਈਆਂ ਸਨ। ਅਸੀਂ ਆਪਣੇ ਡਾਕਟਰਾਂ, ਨਰਸਾਂ, ਪਾਇਲਟ ਦੇ ਸ਼ੁੱਕਰਗੁਜਾਰ ਹਾਂ, ਜਿਨ੍ਹਾਂ ਨੇ ਆਪਣੀ ਜਾਨ ਦਾਅ 'ਤੇ ਲਾ ਕੇ ਵਿਦੇਸ਼ਾਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਹੁਣ ਅਜਿਹੀਆਂ ਖਬਰਾਂ ਮੇਰੇ ਧਿਆਨ 'ਚ ਆ ਰਹੀਆਂ ਹਨ ਕਿ ਕਈ ਕਿਰਾਏਦਾਰ ਨਰਸਾਂ ਨੂੰ ਬਾਹਰ ਕੱਢ ਰਹੇ ਹਨ। ਅਸੀਂ ਉਨ੍ਹਾਂ ਨਾਲ ਅਜਿਹਾ ਕਰ ਰਹੇ ਹਾਂ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਤੀਜੀ ਸਟੇਟ 'ਚ ਐਂਟਰੀ ਕਰਦਾ ਹੈ ਤਾਂ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ, ਮਹਾਮਾਰੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਜਿਹੀ ਸਥਿਤੀ ਪੈਦਾ ਨਾ ਹੋਵੇ।


Tanu

Content Editor

Related News