ਵੁਹਾਨ ਤੋਂ 323 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼
Sunday, Feb 02, 2020 - 10:01 AM (IST)

ਨਵੀਂ ਦਿੱਲੀ—ਚੀਨ 'ਚ ਫਸੇ ਭਾਰਤੀਆਂ ਦੇ ਦੂਜੇ ਬੈਚ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਪਹੁੰਚ ਗਿਆ ਹੈ। ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ 323 ਭਾਰਤੀਆਂ ਦੇ ਨਾਲ-ਨਾਲ ਮਾਲਦੀਵ ਦੇ 7 ਨਾਗਰਿਕਾਂ ਨੂੰ ਵੀ ਲਿਆਂਦਾ ਗਿਆ ਹੈ। ਜਹਾਜ਼ 'ਚ ਰਾਮ ਮਨੋਹਰ ਲੋਹੀਆ (ਆਰ.ਐੱਮ.ਐੱਲ) ਹਸਪਤਾਲ ਦੇ ਪੰਜ ਡਾਕਟਰ ਵੀ ਮੌਜੂਦ ਸੀ।ਦੱਸ ਦੇਈਏ ਕਿ ਸ਼ਨੀਵਾਰ ਨੂੰ ਦੁਪਹਿਰ 12.50 ਵਜੇ 'ਤੇ ਇਹ ਵਿਸ਼ੇਸ਼ ਜਹਾਜ਼ ਦਿੱਲੀ ਤੋਂ ਚੀਨ ਦੇ ਵੁਹਾਨ ਸ਼ਹਿਰ ਲਈ ਰਵਾਨਾ ਹੋਇਆ ਸੀ। ਦੱਸਣਯੋਗ ਹੈ ਕਿ ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਦਾ ਕਹਿਰ ਹੁਣ ਵੀ ਜਾਰੀ ਹੈ। ਚੀਨ ਦੇ ਵੁਹਾਨ ਸ਼ਹਿਰ 'ਚ ਇਹ ਵਾਇਰਸ ਨਾਲ ਹੁਣ ਤੱਕ 304 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਦੇਸ਼ਾਂ 'ਚ ਇਹ ਵਾਇਰਸ ਫੈਲ ਚੁੱਕਿਆ ਹੈ।
ਭਾਰਤ ਨੇ ਮਾਲਦੀਵ ਦੇ ਸੱਤ ਨਾਗਰਿਕਾਂ ਨੂੰ ਵੀ ਵੁਹਾਨ ਤੋਂ ਬਾਹਰ ਕੱਢਿਆ, ਜਿਸ ਦੇ ਲਈ ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ ਨੇ ਭਾਰਤ ਦਾ ਧੰਨਵਾਦ ਕੀਤਾ।ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦੇ ਟਵੀਟ 'ਤੇ ਜਵਾਬ ਦਿੰਦੇ ਹੋਏ ਸੋਲਿਹ ਨੇ ਲਿਖਿਆ, ''ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਚੀਨ ਦੇ ਵੁਹਾਨ ਸ਼ਹਿਰ 'ਚ ਰਹਿਣ ਵਾਲੇ 7 ਮਾਲਦੀਵ ਦੇ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ। ਇਹ ਵਰਤਾਓ ਦੋਵਾਂ ਦੇਸ਼ਾਂ ਵਿਚਾਲੇ ਸ਼ਾਨਦਾਰ ਦੋਸਤੀ ਅਤੇ ਸਦਭਾਵਨਾ ਦੀ ਚੰਗੀ ਮਿਸਾਲ ਹੈ।''
ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੀਨ ਦੇ ਵੁਹਾਨ ਸ਼ਹਿਰ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ (ਆਈ.ਜੀ.ਆਈ) ਪਹੁੰਚੇ 324 ਭਾਰਤੀ ਸਕ੍ਰੀਨਿੰਗ ਤੋਂ ਬਾਅਦ ਆਈ.ਟੀ.ਬੀ.ਪੀ ਅਤੇ ਭਾਰਤੀ ਫੌਜ ਦੇ ਸੈਂਟਰ 'ਚ ਭੇਜੇ ਗਏ ਹਨ। ਸ਼ਨੀਵਾਰ ਸਵੇਰਸਾਰ ਲਗਭਗ ਸਾਢੇ ਸੱਤ ਵਜੇ ਇਸ ਜਹਾਜ਼ ਰਾਹੀਂ 324 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਜੋ 324 ਭਾਰਤੀ ਵਾਪਸ ਆਏ ਹਨ, ਉਨ੍ਹਾਂ 'ਚੋਂ 211 ਵਿਦਿਆਰਥੀ, 110 ਨੌਕਰੀ ਕਰਨ ਵਾਲੇ ਅਤੇ 3 ਨਬਾਲਿਗ ਹਨ। ਵੁਹਾਨ ਤੋਂ ਦੇਸ਼ ਵਾਪਸ ਪਰਤਣ ਵਾਲੇ ਭਾਰਤੀਆਂ ਦੀ ਜਾਂਚ ਲਈ ਏਅਰਪੋਰਟ 'ਤੇ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਸੀ। ਜਹਾਜ਼ 'ਚ ਸਵਾਰ ਸਾਰੇ ਭਾਰਤੀਆਂ ਦੀ ਸਕ੍ਰੀਨਿੰਗ ਹੋਈ।