ਇਕ ਮਈ ਤੋਂ 18 ਸਾਲ ਤੋਂ ਉੱਪਰ ਵਾਲਿਆਂ ਲਈ ਟੀਕਾਕਰਨ ਮੁਸ਼ਕਲ, ਕਈ ਸੂਬਾਈ ਸਰਕਾਰਾਂ ਨੇ ਖੜ੍ਹੇ ਕੀਤੇ ਹੱਥ
Wednesday, Apr 28, 2021 - 01:25 PM (IST)
ਨਵੀਂ ਦਿੱਲੀ—ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਦੇਸ਼ ਭਰ ’ਚ ਟੀਕਾਕਰਨ ਮੁਹਿੰਮ ਜਾਰੀ ਹੈ। ਇਕ ਮਈ 2021 ਤੋਂ ਟੀਕਾਕਰਨ ਨੂੰ ਨਵੀਂ ਰਫ਼ਤਾਰ ਮਿਲਣ ਜਾ ਰਹੀ ਹੈ। ਇਕ ਮਈ ਤੋਂ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਅੱਜ ਯਾਨੀ ਕਿ 28 ਅਪ੍ਰੈਲ ਨੂੰ ਕੋਵਿਨ ਐਪ, ਆਰੋਗਿਆ ਸੇਤੂ ਐਪ ’ਤੇ ਜਾ ਕੇ ਸ਼ਾਮ 4 ਵਜੇ ਤੋਂ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਟੀਕਾਕਰਨ ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਸੂਬਾਈ ਸਰਕਾਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਕੋਰੋਨਾ ਵੈਕਸੀਨ ਦੀ ਉੱਚਿਤ ਮਾਤਰਾ ਉਪਲੱਬਧ ਨਾ ਹੋਣ ਕਰ ਕੇ ਪੰਜਾਬ, ਰਾਜਸਥਾਨ, ਛੱਤੀਸਗੜ੍ਹ ਅਤੇ ਝਾਰਖੰਡ ਵਰਗੇ ਸੂਬਾਈ ਸਰਕਾਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਸਰਕਾਰਾਂ ਮੁਤਾਬਕ ਵੈਕਸੀਨ ਦੀ ਘਾਟ ਹੋਣ ਦੀ ਵਜ੍ਹਾ ਕਾਰਨ ਮੁਸ਼ਕਲ ਹੋ ਗਈ ਹੈ।
ਕੀ ਕਹਿਣਾ ਹੈ ਕੇਂਦਰ ਸਰਕਾਰ ਦਾ-
ਉੱਥੇ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ 1 ਮਈ ਤੋਂ ਸ਼ੁਰੂ ਹੋਣ ਵਾਲੇ ਟੀਕਾਕਰਨ ਦੇ ਨਵੇਂ ਪੜਾਅ ਨੂੰ ਲੈ ਕੇ ਸੂਬਾਈ ਸਰਕਾਰਾਂ ਕੋਲ ਇਕ ਕਰੋੜ ਤੋਂ ਵੱਧ ਵੈਕਸੀਨ ਬਚੀ ਹੈ। ਜਦਕਿ ਅਗਲੇ ਤਿੰਨ ਦਿਨਾਂ ’ਚ 80 ਲੱਖ ਡੋਜ਼ ਹੋਰ ਵੀ ਪਹੁੰਚ ਰਹੀ ਹੈ। ਭਾਰਤ ਸਰਕਾਰ ਨੇ ਹੁਣ ਤੱਕ ਸੂਬਿਆਂ ਨੂੰ 15.65 ਕਰੋੜ ਵੈਕਸੀਨ ਮੁਫ਼ਤ ਵਿਚ ਉਪਲੱਬਧ ਕਰਵਾਈ ਹੈ।
ਵੈਕਸੀਨੇਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਸੂਬਿਆਂ ਨੂੰ ਚਿੱਠੀ ਲਿਖੀ ਗਈ ਹੈ। ਇਸ ਵਿਚ ਕੇਂਦਰ ਨੇ ਕਿਹਾ ਹੈ ਕਿ ਵੈਕਸੀਨ ਦੇ ਸਟਾਕ ਦਾ ਇਸਤੇਮਾਲ ਇਸ ਤਰ੍ਹਾਂ ਨਾਲ ਕੀਤਾ ਜਾਵੇ, ਤਾਂ ਕਿ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਦੀ ਨਵੀਂ ਸਪਲਾਈ ਮਿਲ ਸਕੇ। ਜੋ ਸਪਲਾਈ ਸਿੱਧੇ ਸੂਬਿਆਂ ਨੂੰ ਮਿਲ ਰਹੀ ਹੈ, ਉਸ ਦਾ ਇਸਤੇਮਾਲ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਕੀਤਾ ਜਾਵੇ। ਕੇਂਦਰ ਨੇ ਇਹ ਵੀ ਕਿਹਾ ਕਿ ਵੈਕਸੀਨ ਨਿਰਮਾਤਾਵਾਂ ਵਲੋਂ ਅੱਧੀ ਸਪਲਾਈ ਕੇਂਦਰ ਨੂੰ ਕੀਤੀ ਜਾਵੇਗੀ, ਜੋ ਸੂਬਿਆਂ ’ਚ ਕੇਂਦਰ ਵਲੋਂ ਵੰਡੀ ਜਾਵੇਗੀ।