ਕੋਰੋਨਾ ਦਾ ਅਸਰ : ''ਗਗਨਯਾਨ'' ਦੇ ਪਹਿਲੇ ਮਨੁੱਖ ਰਹਿਤ ਮਿਸ਼ਨ ''ਚ ਹੋ ਸਕਦੀ ਹੈ ਦੇਰੀ
Thursday, Jun 11, 2020 - 04:07 PM (IST)
ਬੈਂਗਲੁਰੂ (ਭਾਸ਼ਾ)— ਪੁਲਾੜ 'ਚ ਭਾਰਤ ਦੀ ਮਹੱਤਵਪੂਰਨ ਯਾਤਰਾ 'ਗਗਨਯਾਨ' ਤੋਂ ਪਹਿਲਾਂ ਇਸ ਸਾਲ ਪੁਲਾੜ 'ਚ ਜਾਂਚ ਦੇ ਤੌਰ 'ਤੇ ਮਨੁੱਖ ਰਹਿਤ ਮਿਸ਼ਨ ਦੀ ਤਿਆਰੀ ਸੀ ਪਰ ਕੋਵਿਡ-19 ਨੂੰ ਰੋਕਣ ਲਈ ਲਾਗੂ ਤਾਲਾਬੰਦੀ ਦੀ ਵਜ੍ਹਾ ਨਾਲ ਇਸ ਦੀਆਂ ਤਿਆਰੀਆਂ 'ਤੇ ਅਸਰ ਪਿਆ। ਜਿਸ ਕਾਰਨ ਹੁਣ ਇਸ ਉਡਾਣ 'ਚ ਕੁਝ ਦੇਰੀ ਹੋ ਸਕਦੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪਹਿਲਾਂ ਦੱਸਿਆ ਸੀ ਕਿ ਉਹ ਗਗਨਯਾਨ ਤੋਂ ਪਹਿਲਾਂ ਅਜਮਾਇਸ਼ ਦੇ ਤੌਰ 'ਤੇ ਦੋ ਮਨੁੱਖ ਰਹਿਤ ਜਹਾਜ਼ ਭੇਜਣਗੇ, ਜਿਸ ਵਿਚੋਂ ਇਕ 1 ਦਸੰਬਰ 2020 'ਚ ਉਡਾਣ ਭਰਨ ਵਾਲਾ ਹੈ ਅਤੇ ਦੂਜਾ ਜੁਲਾਈ 2021 ਵਿਚ ਰਵਾਨਾ ਹੋਵੇਗਾ। ਹੁਣ ਇਸਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦੀ ਵਜ੍ਹਾ ਨਾਲ ਕੁਝ ਰੁਕਾਵਟਾਂ ਆਈਆਂ ਹਨ। ਸਾਡੇ ਕੋਲ ਹੁਣ ਵੀ 6 ਮਹੀਨੇ ਦਾ ਸਮਾਂ ਹੈ। ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਅਸੀਂ ਉੱਥੇ ਪਹੁੰਚ ਸਕਦੇ ਹਾਂ।
ਅਧਿਕਾਰੀ ਨੇ ਅੱਗੇ ਕਿਹਾ ਕਿ ਥੋੜ੍ਹਾ ਇੱਧਰ-ਉੱਧਰ (ਸਮਾਂ ਸਾਰਣੀ 'ਚ) ਹੋ ਸਕਦਾ ਹੈ ਪਰ ਇਸ ਦਾ ਵੀ ਪਤਾ ਉਦੋਂ ਲੱਗੇਗਾ, ਜਦੋਂ ਅਸੀਂ ਪੂਰਾ ਮੁਲਾਂਕਣ ਕਰਾਂਗੇ। ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਕਿਉਂਕਿ ਜੋ ਟੀਮ ਅਜੇ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ, ਉਸ ਨੇ ਦੇਰੀ ਨੂੰ ਲੈ ਕੇ ਸੰਕੇਤ ਨਹੀਂ ਦਿੱਤਾ ਹੈ। ਇਸਰੋ ਦੀ ਯੋਜਨਾ ਪਹਿਲੀ ਉਡਾਣ ਵਿਚ ਮਨੁੱਖ ਆਕ੍ਰਿਤੀ ਵਾਲੇ 'ਵਯੋਮਿੱਤਰ' ਨੂੰ ਭੇਜਣਾ ਹੈ। ਪੁਲਾੜ ਏਜੰਸੀ ਦੀ ਯੋਜਨਾ 2022 'ਚ 10,000 ਕਰੋੜ ਰੁਪਏ ਦੀ ਲਾਗਤ ਵਾਲੇ 'ਗਗਨਯਾਨ' ਨੂੰ ਪੁਲਾੜ ਵਿਚ ਭੇਜਣ ਦੀ ਹੈ। ਭਾਰਤੀ ਹਵਾਈ ਫੌਜ ਦੇ 4 ਪਾਇਲਟ (ਗਗਨਯਾਨ ਪ੍ਰਾਜੈਕਟ ਦੇ ਸੰਭਾਵਿਤ ਉਮੀਦਵਾਰ) ਮਾਸਕੋ ਵਿਚ ਅਜੇ ਸਿਖਲਾਈ ਹਾਸਲ ਕਰ ਰਹੇ ਹਨ।