ਦੇਸ਼ਵਾਸੀਆਂ ਨੂੰ PM ਮੋਦੀ ਦੀ ਅਪੀਲ: 5 ਅਪ੍ਰੈਲ ਨੂੰ ਰਾਤ 9 ਵਜੇ, 9 ਮਿੰਟ ਦੇਸ਼ ਦੇ ਨਾਂ
Friday, Apr 03, 2020 - 09:57 AM (IST)
ਨਵੀਂ ਦਿੱਲੀ-ਦੇਸ਼ 'ਤੇ ਮੰਡਰਾ ਰਹੇ ਕੋਰੋਨਾ ਆਫਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਦੇਸ਼ ਵਾਸੀਆਂ ਲਈ ਵੀਡੀਓ ਸੁਨੇਹਾ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੌਰਾਨ ਦੇਸ਼ ਵਿਆਪੀ ਲਾਕਡਾਊਨ ਨੂੰ ਅੱਜ 9 ਦਿਨ ਹੋ ਗਏ ਹਨ। ਇਸ ਦੌਰਾਨ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਨੇ ਲਾਕਡਾਊਨ ਨੂੰ ਸਫਲ ਬਣਾਉਣ ਲਈ ਜੋ ਮਿਹਨਤ ਕੀਤੀ ਹੈ, ਉਹ ਦੁਨੀਆ ਦੇ ਲਈ ਇਕ ਮਿਸਾਲ ਹੈ।
ਪੀ.ਐੱਮ ਮੋਦੀ ਨੇ ਕਿਹਾ ਕਿ ਇਸ ਐਤਵਾਰ ਭਾਵ 5 ਅਪ੍ਰੈਲ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਕੋਰੋਨਾ ਆਫਤ ਦੇ ਹਨੇਰੇ ਨੂੰ ਚੁਣੌਤੀ ਦੇਣੀ ਹੈ ਅਤੇ ਰੋਸ਼ਨੀ ਦੀ ਤਾਕਤ ਪੇਸ਼ ਕਰਨੀ ਹੈ। 5 ਅਪ੍ਰੈਲ ਨੂੰ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ, ਘਰ ਦੇ ਦਰਵਾਜ਼ੇ 'ਤੇ ਜਾਂ ਬਾਲਕੋਨੀ 'ਚ ਖੜ੍ਹੇ ਹੋ ਕੇ 9 ਮਿੰਟ ਲਈ ਮੋਮਬੱਤੀਆਂ, ਦੀਵੇ, ਟਾਰਚ ਜਾਂ ਮੋਬਾਇਲ ਦੀ ਫਲੈਸ਼ ਲਾਈਟ ਜਗਾਓ ਅਤੇ ਉਸ ਸਮੇਂ ਜੇਕਰ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰੋਗੇ, ਚਾਰੇ ਪਾਸੇ ਜਦੋਂ ਹਰ ਵਿਅਕਤੀ ਇਕ-ਇਕ ਦੀਵਾ ਜਗਾਏਗਾ ਤਾਂ ਰੋਸ਼ਨੀ ਦੀ ਉਸ ਸ਼ਕਤੀ ਦਾ ਅਹਿਸਾਸ ਹੋਵੇਗਾ, ਜਿਸ 'ਚ ਇਕ ਹੀ ਮਕਸਦ ਨਾਲ ਅਸੀਂ ਸਾਰੇ ਲੜ ਰਹੇ ਹਾਂ। ਉਸ ਪ੍ਰਕਾਸ਼ 'ਚ, ਉਸ ਰੋਸ਼ਨੀ 'ਚ, ਉਸ ਉਜਾਲੇ 'ਚ, ਅਸੀ ਆਪਣੇ ਮਨ 'ਚ ਇਹ ਦ੍ਰਿੜ ਇਰਾਦਾ ਬਣਾਉਣਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ, ਕੋਈ ਵੀ ਇੱਕਲਾ ਨਹੀਂ ਹੈ। 130 ਕਰੋੜ ਦੇਸ਼ਵਾਸੀਆਂ ਨੇ ਇਕ ਹੀ ਦ੍ਰਿੜ ਇਰਾਦਾ ਧਾਰਿਆ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਤੁਸੀ ਜਿਸ ਤਰ੍ਹਾਂ 22 ਮਾਰਚ ਭਾਵ ਐਤਵਾਰ ਦੇ ਦਿਨ ਕੋਰੋਨਾਵਾਇਰਸ ਖਿਲਾਫ ਲੜਾਈ ਲੜਨ ਵਾਲੇ ਹਰ ਕਿਸੇ ਦਾ ਧੰਨਵਾਦ ਕੀਤਾ ਉਹ ਵੀ ਅੱਜ ਸਾਰੇ ਦੇਸ਼ਾਂ ਲਈ ਇਕ ਮਿਸਾਲ ਬਣ ਗਿਆ ਹੈ। ਦੱਸਣਯੋਗ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਵੀਰਵਾਰ ਨੂੰ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ, ਜਿਸ 'ਚ ਕਈ ਮੁੱਦਿਆਂ 'ਚੇ ਚਰਚਾ ਹੋਈ। ਇਸ ਦੌਰਾਨ ਪੀ.ਐੱਮ. ਮੋਦੀ ਨੇ ਇਸ਼ਾਰਾ ਕੀਤਾ ਕਿ 15 ਅਪ੍ਰੈਲ ਨੂੰ ਲਾਕਡਾਊਨ ਖਤਮ ਹੋਵੇਗਾ ਪਰ ਪਾਬੰਦੀ ਜਾਰੀ ਰਹੇਗੀ।