ਲਓ ਜੀ! ਕੋਰੋਨਾ ਵੀ ਬਣੀ ‘ਮਾਤਾ’, ਔਰਤਾਂ ਕਰ ਰਹੀਆਂ ਹਨ ਪੂਜਾ
Tuesday, Jun 02, 2020 - 01:32 AM (IST)
ਛਪਰਾ (ਬਿਹਾਰ) (ਇੰਟ.)- ਬਿਹਾਰ ’ਚ ਹੁਣ ਕੋਰੋਨਾ ਨੂੰ ਵੀ ਲੋਕ ‘ਮਾਤਾ’ ਮੰਨਕੇ ਪੂਜ ਰਹੇ ਹਨ। ਭਾਵੇਂ ਇਸਨੂੰ ਡਰ ਕਹੋ ਜਾਂ ਅੰਧ ਵਿਸ਼ਵਾਸ ਗੱਲ ਇਕ ਹੀ ਹੈ। ਇਥੇ ਔਰਤਾਂ ਕੋਰੋਨਾ ਮਾਤਾ ਦੀ ਪੂਜਾ ਕਰ ਰਹੀਆਂ ਹਨ। ਅਨਲਾਕ 1 ਸ਼ੁਰੂ ਹੁੰਦੇ ਹੀ ਅੰਧ ਵਿਸ਼ਵਾਸ ਕਾਰਣ ਦਰਜਨਾਂ ਔਰਤਾਂ ਨੇ ਕੋਰੋਨਾ ਨੂੰ ਵੀ ਚੇਚਕ ਮਾਤਾ ਵਾਂਗ ਦਰਜਾ ਦੇਕੇ ਪੂਜਾ ਸ਼ੁਰੂ ਕਰ ਦਿੱਤੀ ਹੈ। ਦਰਅਸਲ ਸੋਸ਼ਲ ਮੀਡੀਆ ’ਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿਚ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਕੋਰੋਨਾ ਮਾਤਾ ਦੇ ਦਰਸ਼ਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਪੇਂਡੂ ਇਲਾਕਿਆਂ ਦੀਆਂ ਔਰਤਾਂ ਵੱਡੀ ਗਿਣਤੀ ’ਚ ਪੂਜਾ ਲਈ ਘਰਾਂ ਤੋਂ ਬਾਹਰ ਨਿਕਲ ਰਹੀਆਂ ਹਨ।
ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਔਰਤ ਕਹਿ ਰਹੀ ਹੈ ਕਿ ਖੇਤ ’ਚ ਦੋ ਔਰਤਾਂ ਘਾਹ ਕੱਟ ਰਹੀਆਂ ਹਨ। ਉਥੇ ਲਾਗੇ ਹੀ ਇਕ ਗਾਂ ਘਾਹ ਚਰ ਰਹੀ ਸੀ ਉਸੇ ਦੌਰਾਨ ਗਾਂ ਨੇ ਔਰਤ ਦਾ ਰੂਪ ਧਾਰ ਲਿਆ। ਉਸਨੂੰ ਦੇਖਕੇ ਘਾਹ ਕੱਟ ਰਹੀਆਂ ਔਰਤਾਂ ਡਰਕੇ ਭੱਜਣ ਲੱਗੀਆਂ ਤਾਂ ਉਕਤ ਔਰਤ ਨੇ ਦੋਨਾਂ ਨੂੰ ਰੋਕ ਕੇ ਕਿਹਾ ਕਿ ਡਰੋ ਨਹੀਂ ਮੈਂ ਕੋਰੋਨਾ ਮਾਤਾ ਹਾਂ। ਸੋਮਵਾਰ ਅਤੇ ਸ਼ੁੱਕਰਵਾਰ ਨੂੰ ਪੂਜਾ ਸਮੱਗਰੀ ਚੜ੍ਹਾਕੇ ਮੇਰੀ ਪੂਜਾ ਕਰੋ, ਮੈਂ ਆਪਣੇ-ਆਪ ਚਲੀ ਜਾਵਾਂਗੀ। ਬਸ ਇਸ ਵੀਡੀਓ ਨੇ ਅਜਿਹਾ ਅੰਧ ਵਿਸ਼ਵਾਸ ਫੈਲਾਇਆ ਕਿ ਪੂਜਾ ਤਕ ਸ਼ੁਰੂ ਹੋ ਗਈ।