ਜਵਾਨਾਂ ਦੀ ਭਰਤੀ 'ਚ 'ਜਾਤੀ' ਪੁੱਛਣ 'ਤੇ ਵਿਵਾਦ, ਰਾਜਨਾਥ ਸਿੰਘ ਨੇ ਦਿੱਤਾ ਸਪੱਸ਼ਟੀਕਰਨ
Tuesday, Jul 19, 2022 - 02:29 PM (IST)
ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ 'ਚ ਅਗਨੀਪਥ ਯੋਜਨਾ ਤਹਿਤ ਭਰਤੀ ਲਈ ਉਮੀਦਵਾਰਾਂ ਦੀ ਜਾਤ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਉਠਾਏ ਜਾ ਰਹੇ ਸਵਾਲਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ ਕਿ ਹੁਣ ਕੋਈ ਨਵੀਂ ਵਿਵਸਥਾ ਨਹੀਂ ਕੀਤੀ ਗਈ ਹੈ ਅਤੇ ਇਹ ਪ੍ਰਣਾਲੀ ਪਹਿਲਾਂ ਤੋਂ ਚਲੀ ਆ ਰਹੀ ਹੈ। ਸੰਸਦ ਭਵਨ ਕੰਪਲੈਕਸ ਇਸ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੀ ਸਿੰਘ ਨੇ ਕਿਹਾ,‘‘ਇਹ ਪੂਰੀ ਤਰ੍ਹਾਂ ਨਾਲ ਅਫਵਾਹ ਹੈ, ਜੋ ਸਿਸਟਮ ਪਹਿਲਾਂ ਸੀ, ਹੁਣ ਉਹੀ ਸਿਸਟਮ ਹੈ। ਇਹ ਵਿਵਸਥਾ ਆਜ਼ਾਦੀ ਤੋਂ ਪਹਿਲਾਂ ਤੋਂ ਚੱਲੀ ਆ ਰਹੀ ਹੈ, ਇਸ 'ਚ ਕੋਈ ਬਦਲਾਅ ਨਹੀਂ ਆਇਆ।'' 'ਆਪ' ਦੇ ਰਾਜ ਸਭਾ ਸੰਸਦ ਮੈਂਬਰ ਸੰਜਵ ਸਿੰਘ ਟਵੀਟ ਕੀਤਾ,''(ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਸਰਕਾਰ ਦਾ ਘਟੀਆ ਚਿਹਰਾ ਦੇਸ਼ ਦੇ ਸਾਹਮਣੇ ਆ ਚੁਕਿਆ ਹੈ। ਕੀ ਮੋਦੀ ਜੀ ਦਲਿਤਾਂ ਪਿਛੜਿਆਂ ਆਦਿਵਾਸੀਆਂ ਨੂੰ ਫ਼ੌਜ 'ਚ ਭਰਤੀ ਦੇ ਕਾਬਿਲ ਨਹੀਂ ਮੰਨਦੇ? ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਫ਼ੌਜ ਦੀ ਭਰਤੀ 'ਚ ਜਾਤੀ ਪੁੱਛੀ ਜਾ ਰਹੀ ਹੈ। ਮੋਦੀ ਜੀ ਤੁਸੀਂ ਅਗਨੀਵੀਰ ਤਿਆਰ ਕਰਨਾ ਹੈ ਜਾਂ 'ਜਾਤੀਵੀਰ'।''
ਇਹ ਵੀ ਪੜ੍ਹੋ : ਜ਼ਰੂਰੀ ਵਸਤੂਆਂ 'ਤੇ GST ਨੂੰ ਲੈ ਕੇ ਰਾਹੁਲ ਗਾਂਧੀ ਦਾ ਤੰਜ-'ਅਬਕੀ ਬਾਰ, ਵਸੂਲੀ ਸਰਕਾਰ'
ਦੁਬਾਰਾ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ,“ਹੁਣ ਵੀ ਪਹਿਲਾਂ ਵਾਲੀ ਵਿਵਸਥਾ ਹੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਬਾਰੇ ਹੋਰ ਸਪੱਸ਼ਟੀਕਰਨ ਦੇਣ ਦੀ ਲੋੜ ਹੈ।'' ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਅਗਨੀਪਥ ਸਕੀਮ ਤਹਿਤ ਜਾਤੀ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ, ਕੀ ਤੁਸੀਂ ਇਸ ਬਾਰੇ ਕੁਝ ਕਹੋਗੇ। ਦੱਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਜਵਾਨਾਂ ਦੀ ਭਰਤੀ ਲਈ ਲਿਆਂਦੀ ਗਈ ਨਵੀਂ ਯੋਜਨਾ ਅਗਨੀਪਥ ਦੇ ਤਹਿਤ ਅਰਜ਼ੀ ਫਾਰਮ ਵਿਚ ਉਮੀਦਵਾਰ ਦੀ ਜਾਤ ਪੁੱਛਣ 'ਤੇ ਸਵਾਲ ਚੁੱਕ ਰਹੀਆਂ ਹਨ। ਉੱਥੇ ਹੀ ਭਾਰਤੀ ਫ਼ੌਜ ਵਲੋਂ ਅਗਨੀਵੀਰ ਯੋਜਨਾ ਦੇ ਅਧੀਨ ਹੋਣ ਵਾਲੀ ਭਰਤੀ ਯੋਜਨਾ 'ਚ ਜਾਤੀ ਪ੍ਰਮਾਣ ਪੱਤਰ ਅਤੇ ਧਰਮ ਪ੍ਰਮਾਣ ਪੱਤਰ ਮੰਗਣ ਨੂੰ ਲੈ ਕੇ ਛਿੜੇ ਬਖੇੜੇ 'ਤੇ ਬਿਆਨ ਜਾਰੀ ਕੀਤਾ ਹੈ। ਫ਼ੌਜ ਨੇ ਕਿਹਾ ਕਿ ਸਿਖਲਾਈ ਦੌਰਾਨ ਮਰਨ ਵਾਲੇ ਰੰਗਰੂਟਾਂ ਅਤੇ ਸੇਵਾ 'ਚ ਸ਼ਹੀਦ ਹੋਣ ਵਾਲੇ ਫ਼ੌਜੀਆਂ ਲਈ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਅੰਤਿਮ ਸੰਸਕਾਰ ਕਰਨ ਲਈ ਵੀ ਧਰਮ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ