ਰਾਜ ਸਭਾ ਦੇ 250ਵੇਂ ਸੈਸ਼ਨ ''ਤੇ ਸਮਾਰਕ ਸਿੱਕਾ ਤੇ ਡਾਕ ਟਿਕਟ ਜਾਰੀ ਕੀਤਾ ਗਿਆ

Tuesday, Nov 26, 2019 - 12:31 PM (IST)

ਰਾਜ ਸਭਾ ਦੇ 250ਵੇਂ ਸੈਸ਼ਨ ''ਤੇ ਸਮਾਰਕ ਸਿੱਕਾ ਤੇ ਡਾਕ ਟਿਕਟ ਜਾਰੀ ਕੀਤਾ ਗਿਆ

ਨਵੀਂ ਦਿੱਲੀ— ਸੰਵਿਧਾਨ ਦਿਵਸ ਮੌਕੇ ਸੰਸਦ ਦੇ ਉੱਪਰੀ ਸਦਨ ਰਾਜ ਸਭਾ ਦੇ 18 ਨਵੰਬਰ ਤੋਂ ਸ਼ੁਰੂ ਹੋਏ 250ਵੇਂ ਸੈਸ਼ਨ ਦੇ ਸਮਾਰਕ ਦੇ ਤੌਰ 'ਤੇ ਮੰਗਲਵਾਰ ਨੂੰ 250 ਰੁਪਏ ਦਾ ਚਾਂਦੀ ਦਾ ਸਿੱਕਾ ਅਤੇ 5 ਰੁਪਏ ਦਾ ਇਕ ਡਾਕ ਟਿਕਟ ਜਾਰੀ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਵਿਧਾਨ ਦੇ 70 ਸਾਲ ਪੂਰੇ ਹੋਣ ਮੌਕੇ ਸੰਸਦ ਭਵਨ ਦੇ ਕੇਂਦਰੀ ਰੂਮ 'ਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ 'ਚ ਚਾਂਦੀ ਦੇ ਇਸ ਸਿੱਕੇ ਅਤੇ ਡਾਕ ਟਿਕਟ ਨੂੰ ਜਾਰੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਯੂਥ ਸੰਸਦ ਮੈਂਬਰ ਯੋਜਨਾ ਦੇ ਪੋਰਟਲ, 'ਭਾਰਤੀ ਲੋਕਤੰਤਰ 'ਚ ਰਾਜ ਸਭਾ ਦੀ ਭੂਮਿਕਾ' ਨਾਮੀ ਕਿਤਾਬ ਅਤੇ ਲੋਕ ਸਭਾ ਕਲੰਡਰ 2020 ਵੀ ਜਾਰੀ ਕੀਤਾ, ਜਿਸ ਦਾ ਥੀਮ 'ਸੰਵਿਧਾਨ ਦੇ 70 ਸਾਲ' ਰੱਖਿਆ ਗਿਆ ਹੈ। ਉਨ੍ਹਾਂ ਨੇ 'ਸੰਵਿਧਾਨ ਦਾ ਨਿਰਮਾਣ' ਨਾਮੀ ਇਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ।

ਸਮਾਰਕ ਸਿੱਕੇ ਦੀ ਤ੍ਰਿਜਯਾ (ਰਿਡੀਅਸ) 2.2 ਸੈਂਟੀਮੀਟਰ ਅਤੇ ਭਾਰ 40 ਗ੍ਰਾਮ ਹੈ। ਇਸ 'ਚ 99.9 ਫੀਸਦੀ ਸ਼ੁੱਧਤਾ ਵਾਲੀ ਚਾਂਦੀ ਦੀ ਵਰਤੋਂ ਕੀਤੀ ਗਈ ਹੈ। ਸਿੱਕੇ 'ਤੇ ਸਾਹਮਣੇ ਵੱਲ ਵਿਚਾਲੇ ਅਸ਼ੋਕ ਸਤੰਭ ਦਾ ਸਿੰਘ ਹੈ, ਜਿਸ ਦੇ ਹੇਠਾਂ 'ਸੱਤਿਆਮੇਵ ਜਯਤੇ' ਲਿਖਿਆ ਹੈ। ਖੱਬੇ ਪਾਸੇ ਦੇਵਨਾਗਰੀ ਲਿਪੀ 'ਚ 'ਭਾਰਤ' ਅਤੇ ਸੱਜੇ ਪਾਸੇ ਅੰਗਰੇਜ਼ੀ 'ਚ ਵੱਡੇ ਅੱਖਰਾਂ 'ਚ 'ਇੰਡੀਆ' ਸ਼ਬਦ ਲਿਖਿਆ ਹੈ। ਸਿੰਘ ਦੇ ਹੇਠਾਂ ਰੁਪਏ ਦਾ ਪ੍ਰਤੀਕ ਅਤੇ ਕੌਮਾਂਤਰੀ ਅੰਕਾਂ 'ਚ ਅੰਕਿਤ ਮੁੱਲ '250' ਲਿਖਿਆ ਹੈ। ਸਿੱਕੇ ਦੇ ਪਿਛਲੇ ਹਿੱਸੇ 'ਤੇ ਮੱਧ 'ਚ ਉੱਪਰ ਵੱਲ ਰਾਸ਼ਟਰੀ ਝੰਡੇ ਨਾਲ ਸੰਸਦ ਭਵਨ ਦਾ ਚਿੱਤਰ ਅਤੇ 'ਮਹਾਤਮਾ ਗਾਂਧੀ' ਦੀ ਤਸਵੀਰ ਨਾਲ ਰਾਜ ਸਭਾ ਚੈਂਬਰ ਦੀ ਬੈਠਕ ਵਿਵਸਥਾ ਹੈ। ਸਿੱਕੇ ਦੇ ਉੱਪਰਲੇ ਹਿੱਸੇ 'ਤੇ ਹਿੰਦੀ 'ਚ 'ਰਾਜ ਸਭਾ ਦਾ 250ਵਾਂ ਸੈਸ਼ਨ' ਅਤੇ ਹੇਠਲੇ ਹਿੱਸੇ 'ਤੇ ਅੰਗਰੇਜ਼ੀ 'ਚ ਇਸ ਦਾ ਅਨੁਵਾਦ ਲਿਖਿਆ ਹੋਵੇਗਾ। ਸੰਸਦ ਭਵਨ ਦੇ ਚਿੱਤਰ ਹੇਠਾਂ ਕੌਮਾਂਤਰੀ ਅੰਕਾਂ 'ਚ 'ਸਾਲ 2019' ਲਿਖਿਆ ਹੈ। ਡਾਕ ਟਿਕਟ ਦੇ ਮੱਧ 'ਚ ਸੰਸਦ ਭਵਨ ਦੀ ਤਸਵੀਰ ਬਣੀ ਹੈ।


author

DIsha

Content Editor

Related News