ਰਜ਼ਾਮੰਦੀ ਨਾਲ ਬਣਾਏ ਸਬੰਧ ਜਬਰ ਜਨਾਹ ਨਹੀਂ, ਅਦਾਲਤ ਵੱਲੋਂ ਸੀਓ ਤੇ ਇੰਸਪੈਕਟਰ ਖ਼ਿਲਾਫ਼ ਕਾਰਵਾਈ ਦਾ ਹੁਕਮ

Sunday, Sep 01, 2024 - 05:16 PM (IST)

ਬਰੇਲੀ (ਜਾਵੇਦ ਖਾਨ) : ਯੂਪੀ ਪੁਲਸ ਦੀ ਜਾਂਚ ਦੀ ਗੁਣਵੱਤਾ 'ਤੇ ਅਦਾਲਤ ਨੇ ਕਈ ਵਾਰ ਸਵਾਲ ਖੜ੍ਹੇ ਕੀਤੇ ਹਨ। ਦਰਅਸਲ, ਮੁਲਜ਼ਮਾਂ ਦੀ ਤਫ਼ਤੀਸ਼ ਕਰਦਿਆਂ ਪੁਲਸ ਤੱਥਾਂ ਦੇ ਸਬੂਤ ਇਕੱਠੇ ਕੀਤੇ ਬਿਨਾਂ ਹੀ ਚਾਰਜਸ਼ੀਟ ਦਾਇਰ ਕਰ ਦਿੰਦੀ ਹੈ। ਬਰੇਲੀ ਦੇ ਅਜਿਹੇ ਹੀ ਇੱਕ ਸਨਸਨੀਖੇਜ਼ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਹਿਮਤੀ ਨਾਲ ਸਰੀਰਕ ਸਬੰਧ ਬਲਾਤਕਾਰ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ। ਐੱਸਐੱਸਪੀ ਨੂੰ ਘਟੀਆ, ਤੱਥ ਰਹਿਤ ਜਾਂਚ ਕਰਨ ਵਾਲੇ ਇੰਸਪੈਕਟਰ ਅਤੇ ਸੀਓ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

ਵਿਆਹੁਤਾ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਦੇ ਲਾਏ ਸਨ ਦੋਸ਼
ਕਰਮਚਾਰੀ ਨਗਰ ਦੀ ਰਹਿਣ ਵਾਲੀ 34 ਸਾਲਾ ਔਰਤ ਦੇ ਤਿੰਨ ਬੱਚੇ ਹਨ। ਮਹਿਲਾ ਦੇ ਸ਼ਿਵਮ ਨਾਲ ਸਬੰਧ ਸਨ, ਜੋ 2016-2019 ਤੱਕ ਚੱਲੇ। ਔਰਤ ਨੇ ਸ਼ਿਵਮ 'ਤੇ ਵਿਆਹ ਦਾ ਝਾਂਸਾ ਦੇ ਕੇ ਤਿੰਨ ਸਾਲ ਤੱਕ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ। ਔਰਤ ਨੇ ਪ੍ਰੇਮਨਗਰ ਥਾਣੇ 'ਚ ਰਿਪੋਰਟ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਪੁਲਸ ਨੇ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ। ਪਰ ਅਦਾਲਤ ਵਿਚ ਮਾਮਲੇ ਦੀ ਜਾਂਚ ਦੌਰਾਨ ਔਰਤ ਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ। ਨੌਜਵਾਨ ਨੂੰ ਬਰੀ ਕਰ ਦਿੱਤਾ ਗਿਆ।

ਵਿਆਹ ਦੇ ਝਾਂਸੇ 'ਚ ਕਿਵੇਂ ਆ ਸਕਦੀ ਹੈ ਤਿੰਨ ਬੱਚਿਆਂ ਦੀ ਮਾਂ?
ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਤਿੰਨ ਬੱਚਿਆਂ ਦੀ ਮਾਂ ਵਿਆਹ ਦੇ ਜਾਲ ਵਿਚ ਕਿਵੇਂ ਫਸ ਸਕਦੀ ਹੈ, ਜਦੋਂ ਔਰਤ ਦਾ ਤਲਾਕ ਨਹੀਂ ਹੋਇਆ ਹੈ ਅਤੇ ਉਹ ਵਿਆਹੀ ਹੋਈ ਹੈ। ਅਦਾਲਤ ਨੇ ਕਿਹਾ ਕਿ ਪੁਲਸ ਨੇ ਮਾਮਲੇ ਦੀ ਜਾਂਚ ਨਹੀਂ ਕੀਤੀ ਅਤੇ ਔਰਤ ਦੀ ਮਦਦ ਕਰ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ। ਅਦਾਲਤ ਨੇ ਐੱਸਐੱਸਪੀ ਨੂੰ ਧਾਰਾ 219 ਤਹਿਤ ਕਾਰਵਾਈ ਕਰਨ ਅਤੇ ਡਿਟੈਕਟਿਵ ਇੰਸਪੈਕਟਰ ਸੋਨੀਆ ਯਾਦਵ, ਪ੍ਰੇਮਨਗਰ ਕੋਤਵਾਲੀ ਦੇ ਤਤਕਾਲੀ ਇੰਸਪੈਕਟਰ ਬਲਵੀਰ ਸਿੰਘ ਤੇ ਸੀਓ-ਫਸਟ ਸ਼ਵੇਤਾ ਯਾਦਵ ਖ਼ਿਲਾਫ਼ ਵਿਭਾਗੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਮਹਿਲਾ 'ਤੇ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਔਰਤ ਨੇ ਨੌਜਵਾਨ 'ਤੇ ਵਿਆਹ ਲਈ ਦਬਾਅ ਪਾਇਆ ਅਤੇ ਪੁਲਸ ਨਾਲ ਤਾਲਮੇਲ ਕਰਕੇ ਨੌਜਵਾਨ ਨੂੰ ਫਸਾਇਆ ਹੈ।


Baljit Singh

Content Editor

Related News