ਕਾਂਗਰਸ ਦਾ ਵਿਅੰਗ : ਅਮਰੀਕੀ ਪਾਪਾ ਨੇ ਕੀ ਜੰਗ ਰੁਕਵਾ ਦਿੱਤੀ ਹੈ?
Thursday, May 15, 2025 - 12:12 AM (IST)

ਨਵੀਂ ਦਿੱਲੀ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਤੇ ਪਾਕਿਸਤਾਨ ਦਰਮਿਆਨ ‘ਵਿਚੋਲਾ’ ਹੋਣ ਦਾ ਦਾਅਵਾ ਕਰਨ ਪਿੱਛੋਂ ਕਾਂਗਰਸ ਨੇ ਬੁੱਧਵਾਰ ਵਿਅੰਗ ਕੀਤਾ ਕਿ ਕੀ ਅਮਰੀਕੀ ਪਾਪਾ ਨੇ ਜੰਗ ਰੁਕਵਾ ਦਿੱਤੀ ਹੈ?
ਟਰੰਪ ਨੇ ਮੰਗਲਵਾਰ ਸਾਊਦੀ ਅਰਬ ’ਚ ਮੁੜ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਕਰਵਾਈ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਦੋਵਾਂ ਦੇਸ਼ਾਂ ਨੂੰ ਵਪਾਰ ਕਰਨਾ ਚਾਹੀਦਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਕੁਝ ਦਿਨ ਪਹਿਲਾਂ ਸਾਨੂੰ ਅਮਰੀਕੀ ਰਾਸ਼ਟਰਪਤੀ ਤੋਂ ਪਾਕਿਸਤਾਨ ਨਾਲ ਜੰਗਬੰਦੀ ਬਾਰੇ ਜਾਣਕਾਰੀ ਮਿਲੀ ਸੀ। ਹੁਣ ਕੱਲ੍ਹ ਸਾਊਦੀ ਅਰਬ ’ਚ ਇਕ ਜਨਤਕ ਸਮਾਗਮ ਦੌਰਾਨ ਟਰੰਪ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਪਾਬੰਦੀਆਂ ਦੀ ਧਮਕੀ ਤੇ ਵਪਾਰਕ ਸੌਦਿਆਂ ਦੇ ਲਾਲਚ ਦੀ ਵਰਤੋਂ ਕਰ ਕੇ ਭਾਰਤ ਨੂੰ ਇਸ ਜੰਗਬੰਦੀ ਲਈ ਮਜਬੂਰ ਤੇ ਬਲੈਕਮੇਲ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਜੋ ਆਮ ਤੌਰ ’ਤੇ ਬਹੁਤ ਹੀ ਖੁੱਲ੍ਹ ਕੇ ਗੱਲ ਕਰਦੇ ਹਨ, ਇਸ ਖੁਲਾਸੇ ਬਾਰੇ ਕੀ ਕਹਿਣਗੇ? ਕੀ ਉਨ੍ਹਾਂ ਅਮਰੀਕੀ ਦਬਾਅ ਅੱਗੇ ਭਾਰਤ ਦੇ ਸੁਰੱਖਿਆ ਹਿੱਤਾਂ ਨੂੰ ਗਿਰਵੀ ਰੱਖ ਦਿੱਤਾ ਹੈ? ਕੀ ਅਮਰੀਕੀ ਪਾਪਾ ਨੇ ਜੰਗ ਰੁਕਵਾ ਦਿੱਤੀ ਹੈ?