ਕਾਂਗਰਸ ਆਮ ਚੋਣਾਂ ਤੋਂ ਪਹਿਲਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰੇ : ਨਿਤੀਸ਼
Sunday, Feb 19, 2023 - 11:34 AM (IST)
ਪਟਨਾ (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਕਾਰਨ ਪੈਦਾ ਹੋਏ ਮਾਹੌਲ ਦਾ ਫਾਇਦਾ ਉਠਾਉਂਦੇ ਹੋਏ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰ ਕੇ ਗਠਜੋੜ ਬਣਾਉਣਾ ਚਾਹੀਦਾ ਹੈ। ਜਨਤਾ ਦਲ ਯੂਨਾਈਟਿਡ ਦੇ ਆਗੂ ਨੇ ਕਿਹਾ ਕਿ ਇਹ ਗਠਜੋੜ ਜਲਦੀ ਤੋਂ ਜਲਦੀ ਹੋ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਸਭਾ ’ਚ ਇਸ ਵੇਲੇ 300 ਤੋਂ ਵੱਧ ਸੀਟਾਂ ਵਾਲੀ ਭਾਜਪਾ ਨੂੰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ’ਚ 100 ਤੋਂ ਵੀ ਘੱਟ ਸੀਟਾਂ ’ਤੇ ਪਹੁੰਚਾਇਆ ਜਾ ਸਕੇ। ਇੱਥੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੁਮਾਰ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਵੱਲ ਮੁੜਦਿਆਂ ਕਿਹਾ, ਮੈਂ ਕਾਂਗਰਸ ’ਚ ਆਪਣੇ ਸਾਥੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਯਾਤਰਾ ਬਹੁਤ ਵਧੀਆ ਰਹੀ ਹੈ ਪਰ ਉਨ੍ਹਾਂ ਨੂੰ ਇੱਥੇ ਨਹੀਂ ਰੁਕਣਾ ਚਾਹੀਦਾ।
ਸੀ. ਪੀ. ਆਈ. (ਐੱਮ. ਐਲ.) ਵੱਲੋਂ ‘ਸੰਵਿਧਾਨ ਬਚਾਓ, ਲੋਕਤੰਤਰ ਬਚਾਓ, ਦੇਸ਼ ਬਚਾਓ’ ਦੇ ਸਿਰਲੇਖ ਨਾਲ ਆਯੋਜਿਤ ਸਰਬ-ਭਾਰਤੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਰਾਸ਼ਟਰੀ ਜਮਹੂਰੀ ਗਠਜੋੜ (ਐੱਨ. ਡੀ. ਏ.) ਤੋਂ ਉਨ੍ਹਾਂ ਦੇ ਵੱਖ ਹੋਣ ਤੋਂ ਬਾਅਦ ਸੂਬੇ ’ਚ ਭਾਜਪਾ ਦੇ ਵਿਸਤਾਰ ਦੀਆਂ ਕੋਸ਼ਿਸ਼ਾਂ ਹਨ। ਹੇਠਾਂ ਆ ਗਏ ਹਨ ਪਰ ਸਾਨੂੰ ਰਾਸ਼ਟਰੀ ਪੱਧਰ ’ਤੇ ਵੀ ਇਸੇ ਤਰ੍ਹਾਂ ਦੀ ਉਪਲਬਧੀ ਹਾਸਲ ਕਰਨ ਦੀ ਜ਼ਰੂਰਤ ਹੈ। ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਅਤੇ ਹੁਣ 71 ਸਾਲ ਦੇ ਹੋ ਚੁੱਕੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਕੋਈ ਇੱਛਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮੇਰੀ ਸਲਾਹ ’ਤੇ ਧਿਆਨ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਦੇਸ਼ ਨੂੰ ਫਾਇਦਾ ਹੋਵੇਗਾ ਅਤੇ ਇਸ ਦੇ ਨਾਲ ਹੀ ਭਾਜਪਾ ਦੀ ਲਗਪਗ ਦਬਦਬੇ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਪਾਰਟੀਆਂ ਨੂੰ ਵੀ ਫਾਇਦਾ ਹੋਵੇਗਾ।
ਮੁੱਖ ਮੰਤਰੀ ਨੇ ਭਾਜਪਾ ਅਤੇ ਉਸ ਦੇ ਆਗੂਆਂ ਦਾ ਨਾਂ ਲਏ ਬਿਨਾਂ ਆਪਣੇ ਹੀ ਅੰਦਾਜ਼ ’ਚ ਕਿਹਾ ਕਿ ਲੋਕ ਸਭਾ ਚੋਣਾਂ ਇਨ੍ਹਾਂ ਲੋਕਾਂ ਤੋਂ ਖਹਿੜਾ ਛੁਡਾਉਣ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ, ਜੋ ਨਵੀਂ ਸਰਕਾਰ ਬਣੇਗੀ, ਉਹ ਦੇਸ਼ ਦੇ ਹਿੱਤ ’ਚ ਬਿਹਤਰ ਕੰਮ ਕਰੇਗੀ। ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਸਮਾਜ ’ਚ ਏਕਤਾ ਬਣਾਈ ਰੱਖਣੀ ਚਾਹੀਦੀ ਹੈ। ਦੇਸ਼ ਨੂੰ ਅੱਗੇ ਲਿਜਾਣਾ ਹੈ। ਵਿਰੋਧੀ ਧਿਰ ਦੀ ਏਕਤਾ ਜ਼ਰੂਰੀ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਇਕਜੁੱਟ ਰਹੇ।
ਦੇਸ਼ ਅੱਗੇ ਵਧਦਾ ਹੈ। ਜਦੋਂ ਤੱਕ ਅਸੀਂ ਹਾਂ ਅਸੀਂ ਤੁਹਾਡੇ ਨਾਲ ਸਹਿਯੋਗ ਕਰਦੇ ਰਹਾਂਗੇ। ਉਨ੍ਹਾਂ ਨੇ ਦੇਸ਼ ’ਚ ਵੱਧ ਰਹੇ ਫਿਰਕੂ ਤਣਾਅ ’ਤੇ ਵੀ ਚਿੰਤਾ ਜ਼ਾਹਿਰ ਕੀਤੀ, ਜਿੱਥੇ ਹਿੰਦੂ ਅਤੇ ਮੁਸਲਮਾਨ ਵੰਡ ਦੀ ਖੂਨੀ ਵਿਰਾਸਤ ਦੇ ਬਾਵਜੂਦ ਸ਼ਾਂਤੀ ਨਾਲ ਰਹਿ ਰਹੇ ਸਨ।
ਕੁਮਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸਿੱਧੇ ਤੌਰ ’ਤੇ ਵਿਅੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਦਾ ਆਜ਼ਾਦੀ ਦੀ ਲੜਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਨਵਾਂ ਇਤਿਹਾਸ ਪੈਦਾ ਕਰ ਰਹੇ ਹਨ। ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਰਾਹੀਂ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਦੇ ਦੋਸ਼ਾਂ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਵੀ ਅਸਿੱਧੇ ਤੌਰ ’ਤੇ ਨਿਸ਼ਾਨਾ ਸਾਧਿਆ। ਜੇ. ਡੀ. ਯੂ. ਸੁਪਰੀਮੋ ਨੇ ਕਿਹਾ, ਜੋ ਕੋਈ ਵੀ ਕਹਿੰਦਾ ਹੈ, ਕੁਝ ਗੜਬੜ ਹੈ, ਉਸ ਨਾਲ ਕੀ ਹੁੰਦਾ ਹੈ। ਕੁਮਾਰ ਨੇ ਮਹਾਗਠਜੋੜ ’ਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਦਿੱਲੀ ਦੀ ਯਾਤਰਾ ਅਤੇ ਉੱਥੇ ਰਾਹੁਲ ਗਾਂਧੀ, ਸੀਤਾਰਾਮ ਯੇਚੁਰੀ ਅਤੇ ਅਰਵਿੰਦ ਕੇਜਰੀਵਾਲ ਸਮੇਤ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨਾਲ ਗੱਲਬਾਤ ਦਾ ਵੀ ਜ਼ਿਕਰ ਕੀਤਾ। ਸੀ. ਪੀ. ਆਈ.-ਐੱਮ. ਐੱਲ. ਦੇ ਇਸ ਸੰਮੇਲਨ ਨੂੰ ਨਿਤੀਸ਼ ਤੋਂ ਇਲਾਵਾ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ, ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਸੀ. ਪੀ. ਆਈ. ਦੇ ਜਨਰਲ ਸਕੱਤਰ ਦੀਪੰਕਰ ਭੱਟਾਚਾਰਿਆ ਨੇ ਵੀ ਸੰਬੋਧਨ ਕੀਤਾ।