ਮੋਦੀ ਸਰਨੇਮ ਮਾਮਲਾ: ਰਾਹੁਲ ਗਾਂਧੀ ਦੇ ਹੱਕ 'ਚ ਦੇਸ਼ ਪੱਧਰੀ ਸੱਤਿਆਗ੍ਰਹਿ ਕਰੇਗੀ ਕਾਂਗਰਸ
Saturday, Mar 25, 2023 - 10:19 PM (IST)
ਨਵੀਂ ਦਿੱਲੀ (ਭਾਸ਼ਾ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿਚ ਪਾਰਟੀ ਦੇ ਆਗੂ ਤੇ ਵਰਕਰ ਐਤਵਾਰ ਨੂੰ ਦੇਸ਼ ਪੱਧਰੀ ਸੱਤਿਆਗ੍ਰਹਿ ਕਰਨਗੇ। ਪਾਰਟੀ ਮੁਤਾਬਕ, ਰਾਹੁਲ ਗਾਂਧੀ ਪ੍ਰਤੀ ਇਕਜੁੱਟਤਾ ਪ੍ਰਗਟ ਕਰਦਿਆਂ ਇਹ 'ਸੰਕਲਪ ਸੱਤਿਆਗ੍ਰਹਿ' ਸਾਰੇ ਸੂਬਿਆਂ ਤੇ ਜ਼ਿਲ੍ਹਿਆਂ ਵਿਚ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਮੂਹਰੇ ਹੋਵੇਗਾ। ਇਹ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤਕ ਚੱਲੇਗਾ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਕਾਂਗਰਸ ਦੇ ਕਈ ਹੋਰ ਆਗੂ ਦਿੱਲੀ ਦੇ ਰਾਜਘਾਟ ਵਿਚ ਹੋਣ ਵਾਲੇ 'ਸੰਕਲਪ ਸੱਤਿਆਗ੍ਰਹਿ' ਵਿਚ ਸ਼ਾਮਲ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: PM ਮੋਦੀ ਦੀ ਸੁਰੱਖਿਆ 'ਚ ਮੁੜ ਹੋਈ ਕੁਤਾਹੀ, ਰੋਡ ਸ਼ੋਅ ਦੌਰਾਨ ਕਾਫ਼ਿਲੇ ਨੇੜੇ ਪੁੱਜਿਆ ਸ਼ਖ਼ਸ
ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਸਮੂਹ ਸੂਬਾ ਇਕਾਈਆਂ ਨੂੰ ਭੇਜੇ ਪੱਤਰ ਵਿਚ ਕਿਹਾ ਹੈ, "ਨਿਆਂ ਦੀ ਇਸ ਲੜਾਈ ਵਿਚ ਰਾਹੁਲ ਗਾਂਧੀ ਇਕੱਲੇ ਨਹੀਂ ਹਨ, ਲੱਖਾਂ ਕਾਂਗਰਸੀ ਤੇ ਕਰੋੜਾਂ ਲੋਕ ਉਨ੍ਹਾਂ ਨਾਲ ਖੜ੍ਹੇ ਹਨ। ਅਸੀਂ ਆਪਣੇ ਆਗੂ ਤੇ ਉਨ੍ਹਾਂ ਦੀ ਨਿਡਰ ਲੜਾਈ ਦੇ ਸਮਰਥਨ ਵਿਚ ਸੱਤਿਆਗ੍ਰਹਿ ਕਰਾਂਗੇ।" 'ਸਵਰਾਜ ਇੰਡੀਆ' ਨੇ ਕਾਂਗਰਸ ਦੇ ਇਸ ਸੱਤਿਆਗ੍ਰਹਿ ਪ੍ਰਤੀ ਆਪਣਾ ਸਮਰਥਨ ਜਤਾਇਆ ਹੈ।
ਕੇਰਲ ਦੀ ਵਾਇਨਾਡ ਸੰਸਦੀ ਸੀਟ ਦੀ ਨੁਮਾਇੰਦਗੀ ਕਰ ਰਹੇ ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਵੱਲੋਂ ਸਾਲ 2019 ਦੇ ਮਾਨਹਾਨੀ ਦੇ ਇਕ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਲੋਕਸਭਾ ਦੀ ਮੈਂਬਰਸ਼ਿਪ ਲਈ ਅਯੋਗ ਠਹਿਰਾ ਦਿੱਤਾ ਗਿਆ। ਲੋਕਸਭਾ ਸਕੱਤਰੇਤ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਅਯੋਗਤਾ ਸਬੰਧੀ ਹੁਕਮ 23 ਮਾਰਚ ਤੋਂ ਪ੍ਰਭਾਵੀ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੌਜੂਦਾ ਹਾਲਾਤ ’ਤੇ ਜਥੇਦਾਰ ਦਾ ਬਿਆਨ, ਅੰਮ੍ਰਿਤਪਾਲ ਨੂੰ ਦਿੱਤੀ ਇਹ ਨਸੀਹਤ
ਜ਼ਿਕਰਯੋਗ ਹੈ ਕਿ ਸੂਰਤ ਦੀ ਇਕ ਅਦਾਲਤ ਨੇ 'ਮੋਦੀ ਸਰਨੇਮ' ਸਬੰਧੀ ਟਿੱਪਣੀ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ 2019 ਵਿਚ ਦਰਜ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਤੇ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।