ਕਾਂਗਰਸ ਸ਼ਹਿਰੀ ਮਾਓਵਾਦੀਆਂ ਨੂੰ ਦੇ ਰਹੀ ਹੈ ਹਮਾਇਤ : ਪੀ. ਐੱਮ. ਮੋਦੀ

Saturday, Nov 10, 2018 - 11:12 AM (IST)

ਕਾਂਗਰਸ ਸ਼ਹਿਰੀ ਮਾਓਵਾਦੀਆਂ ਨੂੰ ਦੇ ਰਹੀ ਹੈ ਹਮਾਇਤ : ਪੀ. ਐੱਮ. ਮੋਦੀ

ਰਾਏਪੁਰ— ਛੱਤੀਸਗੜ੍ਹ 'ਚ ਇਸ ਮਹੀਨੇ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ 'ਚ ਪਹਿਲੀ ਚੋਣ ਰੈਲੀ ਕਰਦਿਆਂ ਕਿਹਾ ਕਿ ਕਾਂਗਰਸ ਸ਼ਹਿਰੀ ਮਾਓਵਾਦੀਆਂ ਦੀ ਹਮਾਇਤ ਕਰ ਰਹੀ ਹੈ, ਜੋ ਗਰੀਬ ਆਦਿਵਾਸੀ ਨੌਜਵਾਨਾਂ ਦਾ ਜੀਵਨ ਬਰਬਾਦ ਕਰਦੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਕਬਾਇਲੀ ਸੱਭਿਆਚਾਰ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ, 'ਇੱਕ ਵਾਰ ਮੈਂ ਉੱਤਰ-ਪੂਰਬੀ ਭਾਰਤ 'ਚ ਰੈਲੀ ਲਈ ਗਿਆ ਤੇ ਉਥੋਂ ਦੇ ਲੋਕਾਂ ਦੀ ਰਵਾਇਤੀ ਟੋਪੀ ਪਹਿਨ ਲਈ ਪਰ ਕਾਂਗਰਸ ਆਗੂਆਂ ਨੇ ਇਸ ਦਾ ਮਜ਼ਾਕ ਉਡਾਇਆ। ਇਹ ਕਬਾਇਲੀ ਸੱਭਿਆਚਾਰ ਦੀ ਬੇਇੱਜ਼ਤੀ ਹੈ।'
ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਸੁੱਖ ਦਾ ਸਾਹ ਨਹੀਂ ਲੈਗਣਦੇ ਜਦੋਂ ਤੱਕ ਅਟਲ ਬਿਹਾਰੀ ਵਾਜਪਈ ਦੇ ਛੱਤੀਸਗੜ੍ਹ ਨੂੰ ਖੁਸ਼ਹਾਲ ਬਣਾਉਣ ਦਾ ਸੁਪਨਾ ਪੂਰਾ ਨਹੀਂ ਕਰ ਦਿੰਦੇ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਹਿਰੀ ਮਾਓਵਾਦੀ ਏਅਰ ਕੰਡੀਸ਼ਨਡ ਘਰਾਂ 'ਚ ਰਹਿੰਦੇ ਹਨ ਤੇ ਉਨ੍ਹਾਂ ਦੇ ਬੱਚੇ ਵਿਦੇਸ਼ਾਂ 'ਚ ਪੜ੍ਹਦੇ ਹਨ ਅਤੇ ਉਹ ਆਦਿਵਾਸੀਆਂ ਦੇ ਬੱਚਿਆਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਕਾਂਗਰਸ ਨੂੰ ਕਿਹਾ ਕਿ ਉਸ ਦੇ ਆਗੂਆਂ ਨੂੰ ਬਸਤਰ ਤੇ ਹੋਰ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਨਕਸਲੀਆਂ ਖਿਲਾਫ ਬੋਲਣਾ ਚਾਹੀਦਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਮਾਓਵਾਦੀਆਂ ਵੱਲੋਂ ਕਤਲ ਕੀਤੇ ਗਏ ਦੂਰਦਰਸ਼ਨ ਦੇ ਪੱਤਰ ਅਛੂਤਾਨੰਦ ਸਾਹੂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਸਾਹੂ ਤੇ ਦੋ ਸੁਰੱਖਿਆ ਕਰਮੀ 30 ਅਕਤੂਬਰ ਨੂੰ ਦਾਂਤੇਵਾੜਾ ਜ਼ਿਲ੍ਹੇ 'ਚ ਹੋਏ ਨਕਸਲੀ ਹਮਲੇ 'ਚ ਮਾਰੇ ਗਏ ਸਨ।


author

Inder Prajapati

Content Editor

Related News