ਕਾਂਗਰਸ ਨੇ ਮਨਮੋਹਨ ਸਿੰਘ ਦੇ ਨਾਂ ’ਤੇ ਸ਼ੁਰੂ ਕੀਤਾ ਫੈਲੋ ਪ੍ਰੋਗਰਾਮ
Friday, Apr 04, 2025 - 06:14 PM (IST)

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਮਨਮੋਹਨ ਸਿੰਘ ਦੇ ਨਾਂ ’ਤੇ ਇੱਕ ਫੈਲੋ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਅਧੀਨ ਪੂਰੇ ਦੇਸ਼ ’ਚੋਂ 50 ਪੇਸ਼ੇਵਰਾਂ ਦੀ ਚੋਣ ਕੀਤੀ ਜਾਵੇਗੀ। ਪਾਰਟੀ ਦੇ ਮੁੱਖ ਆਗੂਆਂ ਵੱਲੋਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਫਿਰ ਪਾਰਟੀ ਨਾਲ ਸਬੰਧਤ ਕੰਮਾਂ ਲਈ ਤਾਇਨਾਤ ਕੀਤਾ ਜਾਵੇਗਾ।
ਪਾਰਟੀ ਦੇ ਇਕ ਵਿਭਾਗ ‘ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ’ ਨੇ ਇਸ ਪ੍ਰੋਗਰਾਮ ਦਾ ਸ਼ੁੱਕਰਵਾਰ ਐਲਾਨ ਕੀਤਾ। ਵਿਭਾਗ ਦੇ ਮੁਖੀ ਪ੍ਰਵੀਨ ਚੱਕਰਵਰਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਡਾ. ਮਨਮੋਹਨ ਸਿੰਘ ਫੈਲੋ’ ਪ੍ਰੋਗਰਾਮ ਹਰ ਸਾਲ ਦੇਸ਼ ਦੇ 50 ਪੇਸ਼ੇਵਰਾਂ ਦੀ ਪਛਾਣ ਕਰੇਗਾ ਤੇ ਉਨ੍ਹਾਂ ਦੀ ਚੋਣ ਕਰੇਗਾ।
ਇਹ ਉਹ ਪੇਸ਼ੇਵਰ ਹੋਣਗੇ ਜੋ ਆਪਣੇ ਕਰੀਅਰ ਦੇ ਵਿਚਕਾਰਲੇ ਪੜਾਅ ’ਤੇ ਹਨ ਤੇ ਪੇਸ਼ੇਵਰ ਦੁਨੀਆ ’ਚ ਲਗਭਗ 10 ਸਾਲ ਬਿਤਾ ਚੁੱਕੇ ਹਨ। ਇਨ੍ਹਾਂ 50 ਵਿਅਕਤੀਆਂ ਦੀ ਚੋਣ ਪਾਰਟੀ ਦੇ ਇਕ ਵੱਕਾਰੀ ਪੈਨਲ ਵੱਲੋਂ ਬਹੁਤ ਹੀ ਚੰਗੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ।