ਕਾਂਗਰਸ ਦੇ ਬੁਲਾਰਾ ਰਾਜੀਵ ਤਿਆਗੀ ਦਾ ਦਿਹਾਂਤ

8/12/2020 9:34:26 PM

ਨਵੀਂ ਦਿੱਲੀ - ਕਾਂਗਰਸ ਬੁਲਾਰਾ ਰਾਜੀਵ ਤਿਆਗੀ ਦਾ ਦਿਹਾਂਤ ਹੋ ਗਿਆ ਹੈ। ਰਾਜੀਵ ਤਿਆਗੀ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਸੀ। ਉਨ੍ਹਾਂ ਨੂੰ ਗੰਭੀਰ ਹਾਲਤ 'ਚ ਗਾਜ਼ੀਆਬਾਦ ਦੇ ਯਸ਼ੋਦਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਰਾਜੀਵ ਤਿਆਗੀ ਕਾਂਗਰਸ ਦੇ ਬੁਲਾਰਾ ਸਨ ਅਤੇ ਟੀ.ਵੀ. ਚੈਨਲਾਂ 'ਤੇ ਡਿਬੇਟ 'ਚ ਪ੍ਰਭਾਵਸ਼ਾਲੀ ਤਰੀਕੇ ਨਾਲ ਪਾਰਟੀ ਦਾ ਪੱਖ ਰੱਖਦੇ ਸਨ।

ਰਿਪੋਰਟ ਮੁਤਾਬਕ ਰਾਜੀਵ ਤਿਆਗੀ ਦੀ ਸਿਹਤ ਸਾਰਾ ਦਿਨ ਠੀਕ ਸੀ। ਸ਼ਾਮ ਨੂੰ ਅੱਜ ਤਕ 'ਤੇ ਉਹ ਡਿਬੇਟ 'ਚ ਸ਼ਾਮਿਲ ਹੋਏ ਸਨ। ਖੁਦ ਟਵੀਟ ਕਰਕੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਵੀ ਦਿੱਤੀ ਸੀ। ਉਨ੍ਹਾਂ ਲਿਖਿਆ ਸੀ ਕਿ ਅੱਜ ਸ਼ਾਮ 5:00 ਵਜੇ ਅੱਜ ਤੱਕ 'ਤੇ ਰਹਾਂਗਾ। ਸ਼ਾਮ ਨੂੰ 5 ਵਜੇ ਉਹ ਅੱਜ ਤਕ 'ਤੇ ਟੀ.ਵੀ. ਡਿਬੇਟ 'ਚ ਸ਼ਾਮਲ ਵੀ ਹੋਏ ਸਨ।

ਰਾਜੀਵ ਤਿਆਗੀ ਦੇ ਘਰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ। ਬੇਹੋਸ਼ੀ ਦੀ ਹਾਲਤ 'ਚ ਉਨ੍ਹਾਂ ਨੂੰ ਯਸ਼ੋਦਾ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਕਾਂਗਰਸ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਰਾਜੀਵ ਤਿਆਗੀ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਕਾਂਗਰਸ ਨੇ ਲਿਖਿਆ ਹੈ ਕਿ ਰਾਜੀਵ ਤਿਆਗੀ ਦੇ ਅਚਾਨਕ ਦਿਹਾਂਤ ਨਾਲ ਅਸੀਂ ਸਾਰੇ ਬੇਹੱਦ ਦੁਖੀ ਹਾਂ, ਉਹ ਇੱਕ ਪੱਕੇ ਕਾਂਗਰਸੀ ਅਤੇ ਸੱਚੇ ਦੇਸਭਗਤ ਸਨ, ਇਸ ਦੁੱਖ ਦੀ ਘੜੀ 'ਚ ਸਾਡੀ ਸੰਵੇਦਨਾ ਅਤੇ ਪ੍ਰਾਰਥਨਾ ਪਰਿਵਾਰ ਦੇ ਨਾਲ ਹੈ।


ਰਾਜੀਵ ਤਿਆਗੀ ਦੀ ਦਿਹਾਂਤ ਦੀ ਖ਼ਬਰ ਸੁਣ ਕੇ ਰਾਜਨੀਤਕ ਗਲਿਆਰੇ 'ਚ ਡੂੰਘੀ ਸੋਗ ਦੀ ਲਹਿਰ ਹੈ। ਬੀਜੇਪੀ ਬੁਲਾਰਾ ਸੰਬਿਤ ਪਾਤਰਾ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਸੋਗ ਜਤਾਇਆ ਹੈ। ਸੰਬਿਤ ਪਾਤਰਾ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਕਾਂਗਰਸ ਦੇ ਬੁਲਾਰਾ ਮੇਰੇ ਮਿੱਤਰ ਰਾਜੀਵ ਤਿਆਗੀ ਸਾਡੇ ਨਾਲ ਨਹੀਂ ਹਨ। ਅੱਜ 5 ਵਜੇ ਅਸੀਂ ਦੋਵਾਂ ਨੇ ਇਕੱਠੇ ਅੱਜ ਤਕ 'ਤੇ ਡਿਬੇਟ ਵੀ ਕੀਤਾ ਸੀ। ਜੀਵਨ ਬਹੁਤ ਹੀ ਅਨਿਸ਼ਚਿਤ ਹੈ। ਹੁਣੇ ਵੀ ਸ਼ਬਦ ਨਹੀਂ ਮਿਲ ਰਹੇ।


Inder Prajapati

Content Editor Inder Prajapati