ਕਾਂਗਰਸ ਨੇ ਜਾਇਦਾਦਾਂ ਦੀ ਦੇਖਭਾਲ ਲਈ ਬਣਾਇਆ ਵਿਭਾਗ, ਸਿੰਗਲਾ ਹੋਣਗੇ ਇੰਚਾਰਜ

Wednesday, Mar 05, 2025 - 10:16 PM (IST)

ਕਾਂਗਰਸ ਨੇ ਜਾਇਦਾਦਾਂ ਦੀ ਦੇਖਭਾਲ ਲਈ ਬਣਾਇਆ ਵਿਭਾਗ, ਸਿੰਗਲਾ ਹੋਣਗੇ ਇੰਚਾਰਜ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਦੇਸ਼ ਭਰ ਵਿਚ ਆਪਣੀਆਂ ਜਾਇਦਾਦਾਂ ਦੀ ਦੇਖਭਾਲ ਲਈ ਬੁੱਧਵਾਰ ਨੂੰ ਇਕ ਨਵੇਂ ਵਿਭਾਗ ਦਾ ਗਠਨ ਕੀਤਾ, ਜਿਸ ਦਾ ਇੰਚਾਰਜ ਪੰਜਾਬ ਦੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਬਣਾਇਆ ਗਿਆ ਹੈ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੱਲੋਂ ਜਾਰੀ ਰਿਲੀਜ਼ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸਿੰਗਲਾ ਪਾਰਟੀ ਦੇ ਸੀਨੀਅਰ ਨੇਤਾ ਅਜੈ ਮਾਕਨ ਦੇ ਨਾਲ ਕਾਂਗਰਸ ਪਾਰਟੀ ਦੇ ਸੰਯੁਕਤ ਖਜ਼ਾਨਚੀ ਵੀ ਹਨ।

ਪੰਜਾਬ ਦੇ ਸਾਬਕਾ ਮੰਤਰੀ ਸਿੰਗਲਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ (ਮਲਿਕਾਰਜੁਨ ਖੜਗੇ) ਨੇ ਦੇਸ਼ ਭਰ ਵਿਚ ਕਾਂਗਰਸ ਪਾਰਟੀ ਦੀਆਂ ਜਾਇਦਾਦਾਂ ਦੀ ਦੇਖਭਾਲ ਲਈ ਇਕ ਨਵੇਂ ਏ. ਆਈ. ਸੀ. ਸੀ. ਵਿਭਾਗ ਦਾ ਗਠਨ ਕੀਤਾ ਹੈ ਅਤੇ ਵਿਜੇ ਇੰਦਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਵਿਭਾਗ ਦਾ ਏ. ਆਈ. ਸੀ. ਸੀ. ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹ ਏ. ਆਈ. ਸੀ. ਸੀ. ਦੇ ਸੰਯੁਕਤ ਖਜ਼ਾਨਚੀ ਬਣੇ ਰਹਿਣਗੇ।

ਕਾਂਗਰਸ ਪ੍ਰਧਾਨ ਖੜਗੇ ਨੇ ਇੰਦਰਾ ਭਵਨ ਵਿਖੇ ਨਵੇਂ ਪਾਰਟੀ ਹੈੱਡਕੁਆਰਟਰ ਦੇ ਉਦਘਾਟਨ ਦੌਰਾਨ ਪਾਰਟੀ ਨੇਤਾਵਾਂ ਨਾਲ ਉਨ੍ਹਾਂ ਜਾਇਦਾਦਾਂ ਨੂੰ ਵਾਪਸ ਲੈਣ ਲਈ ਕਾਨੂੰਨੀ ਸਹਾਰਾ ਲੈਣ ਦੀ ਅਪੀਲ ਕੀਤੀ ਸੀ, ਜੋ ਪਾਰਟੀ ਵਿਚ ਪਹਿਲੀ ਵਾਰ ਹੋਈ ਵੰਡ ਦੇ ਸਮੇਂ ਕਾਂਗਰਸ ਦੇ ਕਬਜ਼ੇ ਵਿਚ ਸਨ। ਉਨ੍ਹਾਂ ਪਾਰਟੀ ਆਗੂਆਂ ਨੂੰ ਹਰ ਜ਼ਿਲੇ ਵਿਚ ਪਾਰਟੀ ਹੈੱਡਕੁਆਰਟਰ ਸਥਾਪਤ ਕਰਨ ਦੀ ਅਪੀਲ ਵੀ ਕੀਤੀ।


author

Rakesh

Content Editor

Related News