ਕਾਂਗਰਸ ਨੇ 70 ਸਾਲ 370 ਨੂੰ ਬੱਚੇ ਵਾਂਗ ਗੋਦ ’ਚ ਪਾਲਿਆ, ਨਾਂ ਬਦਲਣ ਨਾਲ ਨਹੀਂ ਮਿਲੇਗੀ ਵੋਟ

Monday, Jul 31, 2023 - 12:02 PM (IST)

ਇੰਦੌਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੱਧ ਪ੍ਰਦੇਸ਼ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਨੂੰ ਅਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲੈਂਦੇ ਹੋਏ ਅਤੇ ਚੋਣ ਬਿਗੁਲ ਫੂਕਦੇ ਹੋਏ ਕਿਹਾ ਕਿ ਕਾਂਗਰਸ ਨੇ 70 ਸਾਲ ਧਾਰਾ 370 ਨੂੰ ਇਕ ਬੱਚੇ ਵਾਂਗ ਗੋਦ ’ਚ ਪਾਲਿਆ ਹੈ ਅਤੇ ਕੀ ਅਜਿਹੇ ਲੋਕਾਂ ਨੂੰ ਨਾਂ ਬਦਲਣ ਤੋਂ ਬਾਅਦ ਵੀ ਵੋਟ ਦਿੱਤੀ ਜਾ ਸਕਦੀ ਹੈ? ਸ਼ਾਹ ਇੱਥੇ ਭਾਰਤੀ ਜਨਤਾ ਪਾਰਟੀ ਦੇ ਡਵੀਜ਼ਨ ਪੱਧਰੀ ਬੂਥ ਪ੍ਰਧਾਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਕੇਂਦਰੀ ਗ੍ਰਹਿ ਮੰਤਰੀ ਨੇ ਧਾਰਾ 370 ਦੇ ਹਟਾਏ ਜਾਣ ਪਿੱਛੇ ਪੂਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ। ਸ਼ਾਹ ਨੇ ਕਿਹਾ ਕਿ ਅਯੁੱਧਿਆ ’ਚ ਸ਼੍ਰੀ ਰਾਮਲੱਲਾ ਸੈਂਕੜੇ ਸਾਲਾਂ ਤੋਂ ਟੈਂਟ ’ਚ ਸਨ। ਕਾਂਗਰਸ ਨੇ ਇਸ ਮੰਦਰ ਦੇ ਨਿਰਮਾਣ ਨੂੰ ਵੀ ਭਟਕਾ ਕੇ ਰੱਖਿਆ। ਮੋਦੀ ਦੇ ਸ਼ਾਸਨਕਾਲ ’ਚ ਅਦਾਲਤ ਦਾ ਫੈਸਲਾ ਆਇਆ ਅਤੇ ਫਿਰ ਉਨ੍ਹਾਂ ਨੇ ਮੰਦਰ ਨਿਰਮਾਣ ਦੀ ਦਿਸ਼ਾ ’ਚ ਕੰਮ ਅੱਗੇ ਵਧਾਇਆ। ਉਨ੍ਹਾਂ ਨੇ ਪਾਕਿਸਤਾਨ ਦੇ ਬਹਾਨੇ ਵੀ ਕਾਂਗਰਸ ਦੇ ਸ਼ਾਸਨਕਾਲ ਨੂੰ ਲੰਮੇਂ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ‘ਸੋਨੀਆ- ਮਨਮੋਹਨ’ ਦੀ ਸਰਕਾਰ ’ਚ ਪਾਕਿ ਤੋਂ ਕੋਈ ਵੀ ਆ ਕੇ ਸਾਡੇ ਦੇਸ਼ ’ਚ ਹਮਲਾ ਕਰ ਜਾਂਦਾ ਸੀ ਅਤੇ ਉਸ ਸਮੇਂ ਦੀ ਸਰਕਾਰ ‘ਉਫ’ ਵੀ ਨਹੀਂ ਕਰਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਪਾਕਿਸਤਾਨ ਭੁੱਲ ਗਿਆ ਕਿ ਹੁਣ ਭਾਰਤ ’ਚ ਸਰਕਾਰ ਬਦਲ ਗਈ ਹੈ ਅਤੇ ਉਸ ਨੇ ਉੜੀ ਅਤੇ ਪੁਲਵਾਮਾ ’ਚ ਹਮਲਾ ਕਰ ਦਿੱਤਾ, ਜਿਸ ਦਾ ਬਦਲਾ ਮੌਜੂਦਾ ਸਰਕਾਰ ਨੇ 15 ਦਿਨਾਂ ਦੇ ਅੰਦਰ ਹੀ ਲੈ ਲਿਆ।

ਸ਼ਾਹ ਨੇ ਮੱਧ ਪ੍ਰਦੇਸ਼ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਰਕਰਾਂ ਨੂੰ ਪ੍ਰਚੰਡ ਜਿੱਤ ਦਾ ਸੰਕਲਪ ਦਿਵਾਉਂਦੇ ਹੋਏ ਕਿਹਾ ਕਿ ਪੂਰੇ ਦੇਸ਼ ’ਚ ਭਾਜਪਾ ਦਾ ਮੱਧ ਪ੍ਰਦੇਸ਼ ਦਾ ਸੰਗਠਨ ਸਭ ਤੋਂ ਵਧੀਆ ਹੈ ਅਤੇ ਵਰਕਰ ਆਉਂਦੀਆਂ ਲੋਕ ਸਭਾ ਚੋਣਾਂ ’ਚ ਵੀ ਭਾਜਪਾ ਨੂੰ ਸਾਰੀਆਂ 29 ’ਚੋਂ 29 ਲੋਕ ਸਭਾ ਸੀਟਾਂ ਜਿਤਾਉਣ ਲਈ ਕਮਰ ਕੱਸ ਲੈਣ। ਉਨ੍ਹਾਂ ਇੱਥੇ ਆਪਣੇ ਭਾਸ਼ਣ ’ਚ ‘ਸ਼੍ਰੀਮਾਨ ਬੰਟਾਧਾਰ’ ਅਤੇ ‘ਕਰਪਸ਼ਨ ਨਾਥ’ ਜਿਵੇਂ ਸੰਬੋਧਨਾਂ ਦੀ ਵਾਰ-ਵਾਰ ਵਰਤੋਂ ਕਰ ਕੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਖਿਲਾਫ ਭਾਜਪਾ ਦੇ ਚੋਣ ਪ੍ਰਚਾਰ ਦੀ ਰਣਨੀਤੀ ਦੀ ਸਪੱਸ਼ਟ ਝਲਕ ਵੀ ਪੇਸ਼ ਕੀਤੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਭੂਪੇਂਦਰ ਯਾਦਵ, ਅਸ਼ਵਨੀ ਵੈਸ਼ਣਵ, ਪਾਰਟੀ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਏ, ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਵਿਸ਼ਣੂਦੱਤ ਸ਼ਰਮਾ ਅਤੇ ਸੂਬੇ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News