ਜ਼ਿਆਦਾਤਰ ਕਿਸਾਨ ਨਹੀਂ ਸਮਝ ਸਕੇ ਖੇਤੀ ਕਾਨੂੰਨ, ਨਹੀਂ ਤਾਂ ਪੂਰਾ ਦੇਸ਼ ਭੜਕ ਉਠੇਗਾ : ਰਾਹੁਲ
Thursday, Jan 28, 2021 - 02:49 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ 'ਤੇ ਹਮਲਾਵਰ ਹਨ। ਆਪਣੇ ਸੰਸਦੀ ਖੇਤਰ ਵਾਇਨਾਡ ਦੇ ਦੌਰੇ 'ਤੇ ਪਹੁੰਚੇ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਦੀ ਡਿਟੇਲ ਨੂੰ ਨਹੀਂ ਸਮਝਦੇ ਹਨ, ਜੇਕਰ ਉਹ ਇਸ ਨੂੰ ਸਮਝਣਗੇ ਤਾਂ ਪੂਰੇ ਦੇਸ਼ 'ਚ ਅੰਦੋਲਨ ਸ਼ੁਰੂ ਹੋ ਜਾਣਗੇ। ਦੱਸਣਯੋਗ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ 64ਵੇਂ ਦਿਨ ਵੀ ਜਾਰੀ ਹੈ।
ਕਿਸਾਨਾਂ ਨੂੰ ਮੁਆਵਜ਼ੇ ਅਤੇ ਸੁਰੱਖਿਆ ਦੀ ਗਾਰੰਟੀ ਦਿੱਤੀ
ਕਾਂਗਰਸ ਨੇਤਾ ਨੇ ਕਿਹਾ ਕਿ ਅਸੀਂ ਕਿਸਾਨਾਂ ਵਿਰੁੱਧ ਪੁਰਾਣੇ ਬ੍ਰਿਟਿਸ਼ ਬਿੱਲ ਨੂੰ ਸੁੱਟ ਦਿੱਤਾ ਸੀ ਅਤੇ ਉਸ ਦੀ ਜਗ੍ਹਾ ਇਕ ਨਵਾਂ ਬਿੱਲ ਕੱਢਿਆ। ਉਸ ਬਿੱਲ ਨੇ ਸਾਡੇ ਕਿਸਾਨਾਂ ਨੂੰ ਮੁਆਵਜ਼ੇ ਅਤੇ ਸੁਰੱਖਿਆ ਦੀ ਗਾਰੰਟੀ ਦਿੱਤੀ ਪਰ ਪਹਿਲੀ ਵਾਰ ਜਦੋਂ ਨਰਿੰਦਰ ਮੋਦੀ ਜੀ ਪੀ.ਐੱਮ. ਬਣੇ ਤਾਂ ਉਨ੍ਹਾਂ ਨੇ ਕਾਂਗਰਸ ਨੂੰ ਸੁਰੱਖਿਆ ਦੇਣ ਵਾਲੇ ਬਿੱਲ ਦੇ ਅਸਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਉਨ੍ਹਾਂ ਨੂੰ ਸੰਸਦ 'ਚ ਅਜਿਹਾ ਨਹੀਂ ਕਰਨ ਦਿੱਤਾ ਅਤੇ ਇਸ ਦਾ ਵਿਰੋਧ ਕੀਤਾ।
ਨਵਾਂ ਭੂਮੀ ਐਕਵਾਇਰ ਬਿੱਲ ਸਾਹਮਣੇ ਆਇਆ
ਰਾਹੁਲ ਨੇ ਅੱਗੇ ਕਿਹਾ,''ਇਸ ਦੇ ਬਾਵਜੂਦ ਕੁਝ ਸਾਲ ਪਹਿਲਾਂ ਮੈਂ ਦੇਖਿਆ ਕਿ ਮੋਦੀ ਸਰਕਾਰ ਵਲੋਂ ਭਾਰਤ ਦੇ ਕਿਸਾਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਦੀ ਸ਼ੁਰੂਆਤ ਭਾਜਪਾ ਨੇ ਯੂ.ਪੀ. ਦੇ ਭੱਟਾ ਪਾਰਸੌਲ ਤੋਂ ਹੋਈ ਸੀ। ਉਸ ਸਮੇਂ ਵੀ ਕਿਸਾਨਾਂ ਦੀ ਜ਼ਮੀਨ ਨੂੰ ਖੋਹਿਆ ਜਾ ਰਿਹਾ ਸੀ। ਇਸ ਗੱਲ 'ਤੇ ਗੌਰ ਫਰਮਾਉਂਦੇ ਹੋਏ ਅਸੀਂ ਕਾਂਗਰਸ ਪਾਰਟੀ ਦੇ ਅੰਦਰ ਇਕ ਗੱਲਬਾਤ ਸ਼ੁਰੂ ਕੀਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਇਕ ਨਵਾਂ ਭੂਮੀ ਐਕਵਾਇਰ ਬਿੱਲ ਸਾਹਮਣੇ ਆਇਆ।''
ਜ਼ਿਆਦਾਤਰ ਕਿਸਾਨ ਬਿੱਲ ਦੀ ਡਿਟੇਲ ਨੂੰ ਨਹੀਂ ਸਮਝਦੇ ਹਨ
ਪਾਰਟੀ ਦੇ ਸਾਬਕਾ ਪ੍ਰਧਾਨ ਨੇ ਕਿਹਾ,''ਉਨ੍ਹਾਂ ਨੇ ਆਪਣੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਉਹ ਸੰਸਦ 'ਚ ਇਸ ਬਿੱਲ ਨੂੰ ਨਹੀਂ ਹਰਾ ਸਕਦੇ, ਇਸ ਲਈ ਉਨ੍ਹਾਂ ਨੂੰ ਸੂਬਿਆਂ 'ਚ ਇਸ ਨੂੰ ਖ਼ਤਮ ਕਰ ਦੇਣਾ ਚਾਹੀਦਾ।'' ਰਾਹੁਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਜ਼ਿਆਦਾਤਰ ਕਿਸਾਨ ਬਿੱਲ (ਤਿੰਨ ਖੇਤੀ ਕਾਨੂੰਨਾਂ) ਦੀ ਡਿਟੇਲ ਨੂੰ ਨਹੀਂ ਸਮਝਦੇ ਹਨ, ਕਿਉਂਕਿ ਜੇਕਰ ਉਹ ਇਸ ਨੂੰ ਸਮਝਣਗੇ ਤਾਂ ਪੂਰੇ ਦੇਸ਼ 'ਚ ਅੰਦੋਲਨ ਸ਼ੁਰੂ ਹੋ ਜਾਣਗੇ। ਦੇਸ਼ 'ਚ ਅੱਗ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ, ਇਹ ਚੋਣ ਵਿਚਾਰਧਾਰਾ ਦੇ ਹਨ। ਇਹ ਯੂ.ਡੀ.ਐੱਫ., ਐੱਲ.ਡੀ.ਐੱਫ. ਅਤੇ ਆਰ.ਐੱਸ.ਐੱਸ. ਦੀ ਵਿਚਾਰਧਾਰਾ ਦੀ ਚੋਣ ਹੈ।
ਅੱਜ ਹਰ ਇਕ ਉਦਯੋਗ 'ਤੇ 3-4 ਲੋਕਾਂ ਦਾ ਏਕਾਧਿਕਾਰ
ਵਾਇਨਾਡ ਦੇ ਅੰਤਿਮ ਦੌਰੇ 'ਤੇ ਰਾਹੁਲ ਨੇ ਕਿਹਾ ਕਿ ਤੁਸੀਂ ਅੱਜ ਦੇਸ਼ ਦੀ ਸਥਿਤੀ ਨੂੰ ਜਾਣਦੇ ਹੋ, ਹਰ ਕਿਸੇ ਲਈ ਇਹ ਸਪੱਸ਼ਟ ਹੈ ਕਿ ਕੀ ਚੱਲ ਰਿਹਾ ਹੈ। ਭਾਰਤ 2-3 ਵੱਡੇ ਵਪਾਰੀਆਂ ਦੇ ਹਿੱਤ 'ਚ ਪੀ.ਐੱਮ. ਨਰਿੰਦਰ ਮੋਦੀ ਵਲੋਂ ਚਲਾਇਆ ਜਾ ਰਿਹਾ ਹੈ। ਅੱਜ ਹਰ ਇਕ ਉਦਯੋਗ 'ਤੇ 3-4 ਲੋਕਾਂ ਦਾ ਏਕਾਧਿਕਾਰ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ