ਬਦਨਾਮੀ ਨਹੀਂ, ਨਿਆਂ ਦੀ ਹੱਕਦਾਰ ਹੈ ਹਾਥਰਸ ਦੀ ਪੀੜਤਾ : ਪ੍ਰਿਯੰਕਾ ਗਾਂਧੀ

10/08/2020 3:56:08 PM

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਹਾਥਰਸ 'ਚ ਸਮੂਹਕ ਜਬਰ ਜ਼ਿਨਾਹ ਪੀੜਤਾ ਦੇ ਚਰਿੱਤਰ ਨੂੰ ਖ਼ਰਾਬ ਕਰਨ ਅਤੇ ਅਪਰਾਧ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਉਣਾ ਘਿਨੌਣਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦਲਿਤ ਕੁੜੀ ਬਦਨਾਮੀ ਦੀ ਨਹੀਂ ਸਗੋਂ ਨਿਆਂ ਦੀ ਹੱਕਦਾਰ ਹੈ। ਪ੍ਰਿਯੰਕਾ ਨੇ ਟਵੀਟ ਕੀਤਾ,''ਕੁੜੀ ਦੇ ਚਰਿੱਤਰ ਨੂੰ ਖ਼ਰਾਬ ਕਰਨ ਅਤੇ ਉਸ ਵਿਰੁੱਧ ਹੋਏ ਅਪਰਾਧ ਲਈ ਕਿਸੇ ਨਾ ਕਿਸੇ ਤਰ੍ਹਾਂ ਉਸੇ ਨੂੰ ਜ਼ਿੰਮੇਵਾਰ ਠਹਿਰਾਉਣਾ, ਘਿਨੌਣਾ ਹੈ।'' ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਕਿਹਾ,''ਹਾਥਰਸ 'ਚ ਭਿਆਨਕ ਅਪਰਾਧ ਕੀਤਾ ਗਿਆ, ਜਿਸ 'ਚ 20 ਸਾਲ ਦੀ ਕੁੜੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪਰਿਵਾਰ ਦੀ ਸਹਿਮਤੀ ਜਾਂ ਉਸ ਦੀ ਮੌਜੂਦਗੀ ਦੇ ਬਿਨਾਂ ਸਾੜ ਦਿੱਤਾ ਗਿਆ। ਉਹ ਬਦਨਾਮੀ ਨਹੀਂ, ਨਿਆਂ ਦੀ ਹੱਕਦਾਰ ਹੈ।''

PunjabKesari

ਦੱਸਣਯੋਗ ਹੈ ਕਿ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ 'ਚ 14 ਸਤੰਬਰ ਨੂੰ 19 ਸਾਲਾ ਇਕ ਦਲਿਤ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਸੀ। ਸੱਟਾਂ ਕਾਰਨ ਮੰਗਲਵਾਰ ਸਵੇਰੇ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਪੀੜਤਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰਾਤੋ-ਰਾਤ ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਸਥਾਨਕ ਪੁਲਸ ਪ੍ਰਸ਼ਾਸਨ ਨੇ ਉਸ ਦੀ ਸਹਿਮਤੀ ਦੇ ਬਿਨਾਂ ਬੁੱਧਵਾਰ ਦੇਰ ਰਾਤ ਪੀੜਤਾ ਦੀ ਲਾਸ਼ ਦਾ ਜ਼ਬਰਨ ਅੰਤਿਮ ਸੰਸਕਾਰ ਕਰ ਦਿੱਤਾ। ਪ੍ਰਸ਼ਾਸਨ ਨੇ ਇਸ ਤੋਂ ਇਨਕਾਰ ਕੀਤਾ ਹੈ।


DIsha

Content Editor

Related News