ਖੜਗੇ ਜਾਂ ਥਰੂਰ, ਕੌਣ ਹੋਵੇਗਾ ਕਾਂਗਰਸ ਦਾ ‘ਕਪਤਾਨ’? ਪ੍ਰਧਾਨ ਅਹੁਦੇ ਲਈ ਵੋਟਾਂ ਦੀ ਗਿਣਤੀ ਜਾਰੀ
Wednesday, Oct 19, 2022 - 11:16 AM (IST)
ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਨੂੰ ਅੱਜ ਯਾਨੀ ਕਿ ਬੁੱਧਵਾਰ ਨੂੰ ਪ੍ਰਧਾਨ ਮਿਲ ਜਾਵੇਗਾ। ਕਰੀਬ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਨੇਤਾ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਜਾਵੇਗਾ। ਪਾਰਟੀ ਹੈੱਡਕੁਆਰਟਰ ’ਚ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ਾਮ 4 ਵਜੇ ਤੱਕ ਨਤੀਜੇ ਐਲਾਨੇ ਜਾਣਗੇ, ਜਿਸ ਮਗਰੋਂ ਸਾਫ਼ ਹੋ ਜਾਵੇਗਾ ਕਿ ਖੜਗੇ ਜਾਂ ਥਰੂਰ ਕਿਸ ਦੇ ਹੱਥ ਕਾਂਗਰਸ ਦੀ ਕਮਾਨ ਆਉਂਦੀ ਹੈ।
ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਚੋਣ: ਸੋਨੀਆ ਗਾਂਧੀ ਨੇ ਪਾਈ ਵੋਟ, ਕਿਹਾ- ਇਸ ਦਿਨ ਦੀ ਲੰਮੇ ਸਮੇਂ ਤੋਂ ਸੀ ਉਡੀਕ
ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬਣੇ ਕਾਂਗਰਸ ਦੇ ਸਾਰੇ ਵੋਟਿੰਗ ਕੇਂਦਰਾਂ ਤੋਂ ਮਤਪੇਟੀਆਂ ਮੰਗਲਵਾਰ ਸ਼ਾਮ ਤੱਕ ਕਾਂਗਰਸ ਹੈੱਡਕੁਆਰਟਰ ਲਿਆਈਆਂ ਜਾ ਚੁੱਕੀਆਂ ਸਨ। ਇਨ੍ਹਾਂ ਨੂੰ ਕਾਂਗਰਸ ਹੈੱਡਕੁਆਰਟਰ ’ਚ ਬਣੇ ਸਟ੍ਰਾਂਗ ਰੂਮ ’ਚ ਰੱਖਿਆ ਗਿਆ ਸੀ। ਕਾਂਗਰਸ ਦੇ ਸੀਨੀਅਰ ਨੇਤਾਵਾਂ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਪ੍ਰਧਾਨ ਅਹੁਦੇ ਦੇ ਉਮੀਦਵਾਰ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਦੀ ਕਮਾਨ ਕਿਸ ਦੇ ਹੱਥ ਆਉਂਦੀ ਹੈ।
ਗਾਂਧੀ ਪਰਿਵਾਰ ਦੇ ਕਰੀਬੀ ਅਤੇ ਕਈ ਸੀਨੀਅਰ ਨੇਤਾਵਾਂ ਦੇ ਸਮਰਥਨ ਦੇ ਚੱਲਦੇ ਖੜਗੇ ਦੀ ਦਾਅਵੇਦਾਰੀ ਮਜ਼ਬੂਤ ਮੰਨੀ ਜਾ ਰਹੀ ਹੈ। ਕਾਂਗਰਸ ਦੇ 137 ਸਾਲ ਦੇ ਇਤਿਹਾਸ ’ਚ ਪ੍ਰਧਾਨ ਅਹੁਦੇ ਲਈ 6ਵੀਂ ਵਾਰ ਚੋਣਾਂ ਹੋਈਆਂ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਗੈਰ-ਗਾਂਧੀ ਪ੍ਰਧਾਨ ਰਹੇ ਸਨ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਮੁਤਾਬਕ ਪ੍ਰਧਾਨ ਅਹੁਦੇ ਲਈ ਹੁਣ ਤੱਕ 1939, 1950, 1977, 1997 ਅਤੇ 2000 ’ਚ ਚੋਣਾਂ ਹੋਈਆਂ ਸਨ। ਇਸ ਵਾਰ ਪੂਰੇ 24 ਸਾਲਾਂ ਬਾਅਦ ਪ੍ਰਧਾਨ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ’ਚ 96 ਫੀਸਦੀ ਪੋਲਿੰਗ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਸਮੇਤ ਲਗਭਗ 9500 ਡੈਲੀਗੇਟਾਂ ਨੇ ਸੋਮਵਾਰ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਵੋਟ ਪਾਈ। ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਮਧੂਸੂਦਨ ਮਿਸਤਰੀ ਨੇ ਦੱਸਿਆ ਸੀ ਕਿ ਲਗਭਗ 96 ਫੀਸਦੀ ਵੋਟਿੰਗ ਹੋਈ, ਹਾਲਾਂਕਿ ਪੂਰੇ ਅੰਕੜੇ ਆਉਣ ਤੋਂ ਬਾਅਦ ਕੁਝ ਬਦਲਾਅ ਹੋ ਸਕਦੇ ਹਨ।