ਕਸ਼ਮੀਰ 'ਚ ਮਹਿਬੂਬਾ ਮੁਫ਼ਤੀ ਅਤੇ ਨਜ਼ਰਬੰਦ ਹੋਰ ਲੋਕਾਂ ਨੂੰ ਰਿਹਾਅ ਕੀਤਾ ਜਾਵੇ : ਚਿਦਾਂਬਰਮ

08/06/2020 2:36:30 PM

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ 370 ਦੇ ਵਿਸ਼ੇਸ਼ ਪ੍ਰਬੰਧ ਹਟਾਏ ਜਾਣ ਦਾ ਇਕ ਸਾਲ ਪੂਰਾ ਹੋਣ ਮੌਕੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਨਜ਼ਰਬੰਦ ਕੀਤੇ ਗਏ ਹੋਰ ਲੋਕਾਂ ਦੀ ਰਿਹਾਈ ਦੀ ਮੰਗ ਲਈ ਸਮੂਹਕ ਆਵਾਜ਼ ਚੁੱਕਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ 5 ਅਗਸਤ ਨੂੰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ 370 ਦੇ ਪ੍ਰਬੰਧ ਹਟਾ ਦਿੱਤੇ ਸਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਅਤੇ ਮੁੱਖ ਧਾਰਾ ਦੇ ਕਈ ਹੋਰ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਹੁਣ ਫਾਰੂਖ ਅਤੇ ਉਮਰ ਰਿਹਾਅ ਹੋ ਚੁਕੇ ਹਨ। 

ਸਾਬਕਾ ਗ੍ਰਹਿ ਮੰਤਰੀ ਚਿਦਾਂਬਰਮ ਨੇ ਟਵੀਟ ਕੀਤਾ,''ਅੱਜ 6 ਅਗਸਤ ਹੈ ਸਾਰੇ ਸਿਆਸੀ ਦਲ ਅਤੇ ਸਹੀ ਸੋਚ ਵਾਲੇ ਨਾਗਰਿਕ ਕ੍ਰਿਪਾ ਉਸ ਜੇਲ ਬਾਰੇ ਸੋਚਣ, ਜਿਸ 'ਚ 75 ਲੱਖ ਕਸ਼ਮੀਰੀ ਪਿਛਲੇ ਇਕ ਸਾਲ ਤੋਂ ਰਹਿ ਰਹੇ ਹਨ।'' ਉਨ੍ਹਾਂ ਨੇ ਦਾਅਵਾ ਕੀਤਾ,''ਦੁਨੀਆ ਭਾਰਤ 'ਚ ਮਨੁੱਖੀ ਅਧਿਕਾਰਾਂ ਦੇ ਹਨਨ ਨੂੰ ਦੇਖ ਰਹੀ ਹੈ। ਇਕ ਆਜ਼ਾਦ ਅਤੇ ਲੋਕਤੰਤਰੀ ਦੇਸ਼ ਦੇ ਰੂਪ 'ਚ ਭਾਰਤ ਦਾ ਮਾਣ ਰਿਕਾਰਡ ਹਰ ਦਿਨ ਘੱਟ ਹੁੰਦਾ ਜਾ ਰਿਹਾ ਹੈ।'' ਚਿਦਾਂਬਰਮ ਨੇ ਕਿਹਾ,''ਸਾਨੂੰ ਸਾਰਿਆਂ ਨੂੰ ਆਪਣੀ ਸਮੂਹਕ ਆਵਾਜ਼ ਚੁੱਕਣੀ ਚਾਹੀਦੀ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਕਿ ਮਹਿਬੂਬਾ ਮੁਫ਼ਤੀ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਨਜ਼ਰਬੰਦ ਲੋਕਾਂ ਨੂੰ ਵੀ ਛੱਡਿਆ ਜਾਵੇ, ਜੋ ਸੰਵਿਧਾਨ ਦੇ ਅਧੀਨ ਇਸ ਦੇ ਹੱਕਦਾਰ ਹਨ।''


DIsha

Content Editor

Related News