ਕਰਨਾਟਕ ਵਿਧਾਨ ਸਭਾ ’ਚ ਹੱਥੋਪਾਈ ਹੋਏ ਕਾਂਗਰਸ ਐੱਮ.ਐੱਲ.ਸੀ., ਚੇਅਰਮੈਨ ਨੂੰ ਕੁਰਸੀ ਤੋਂ ਖਿੱਚ ਕੇ ਹਟਾਇਆ
Tuesday, Dec 15, 2020 - 01:34 PM (IST)
ਬੈਂਗਲੁਰੂ- ਕਰਨਾਟਕ ਵਿਧਾਨ ਸਭਾ ’ਚ ਮੰਗਲਵਾਰ ਸਵੇਰੇ ਇਕ ਅਜੀਬ ਝੜਪ ਵੇਖਣ ਨੂੰ ਮਿਲੀ। ਕਾਂਗਰਸ ਐੱਮ.ਐੱਲ.ਸੀ. ਨੇ ਵਿਧਾਨ ਸਭਾ ਦੇ ਚੇਅਰਮੈਨ ਨੂੰ ਉਨ੍ਹਾਂ ਦੀ ਕੁਰਸੀ ਤੋਂ ਜ਼ਬਰਦਸਤੀ ਖਿੱਚ ਕੇ ਹਟਾ ਦਿੱਤਾ। ਇਹ ਐੱਮ.ਐੱਲ.ਸੀ. ਦੋਸ਼ ਲਗਾ ਰਹੇ ਸਨ ਕਿ ਬੀ.ਜੇ.ਪੀ. ਅਤੇ ਜੇ.ਡੀ.ਪੀ. ਨੇ ਮਿਲ ਕੇ ਗੈਰਕਾਨੂੰਨੀ ਤਰੀਕਿਆਂ ਨਾਲ ਚੇਅਰਮੈਨ ਨੂੰ ਕੁਰਸੀ ’ਤੇ ਬਿਠਾਇਆ ਹੈ।
ਹੰਗਾਮੇ ਤੋਂ ਬਾਅਦ ਕਾਂਗਰਸ ਐੱਮ.ਐੱਲ.ਸੀ. ਪ੍ਰਕਾਸ਼ ਰਾਠੌਰ ਨੇ ਕਿਹਾ ਕਿ ਜਦੋਂ ਸਦਨ ਨਹੀਂ ਚੱਲ ਰਿਹਾ ਸੀ, ਉਸ ਸਮੇਂ ਬੀ.ਜੇ.ਪੀ. ਅਤੇ ਜੇ.ਡੀ.ਪੀ. ਨੇ ਗੈਰਕਾਨੂੰਨੀ ਤਰੀਕਿਆਂ ਚੇਅਰਮੈਨ ਨੂੰ ਕੁਰਸੀ ’ਤੇ ਬਿਠਾਇਆ। ਬਦਕਿਸਮਤੀ ਨਾਲ ਬੀ.ਜੇ.ਪੀ. ਅਜਿਹੇ ਗੈਰ ਸੰਵਿਧਾਨਕ ਕੰਮ ਕਰ ਰਹੀ ਹੈ। ਕਾਂਗਰਸ ਨੇ ਚੇਅਰਮੈਨ ਨੂੰ ਅਹੁਦਾ ਛੱਡਣ ਲਈ ਕਿਹਾ। ਉਹ ਗੈਰਕਾਨੂੰਨੀ ਢੰਗ ਨਾਲ ਕੁਰਸੀ ਤੇ ਬੈਠਾ ਸੀ, ਇਸ ਲਈ ਸਾਨੂੰ ਉਸ ਨੂੰ ਉਥੋਂ ਹਟਾਉਣਾ ਪਿਆ।
#WATCH Karnataka: Congress MLCs in Karnataka Assembly forcefully remove the chairman of the legislative council pic.twitter.com/XiefiNOgmq
— ANI (@ANI) December 15, 2020
‘ਸ਼ਰਮ ਆ ਰਹੀ ਹੈ, ਜਨਤਾ ਕੀ ਸੋਚਦੀ ਹੋਵੇਗੀ’
ਕਰਨਾਟਕ ਬੀ.ਜੇ.ਪੀ. ਐੱਮ.ਸੀ.ਐੱਲ. ਲਹਿਰ ਸਿੰਘ ਸਿਰੋਈਆ ਨੇ ਇਸ ਨੂੰ ਗੁੰਡਿਆਂ ਵਰਗਾ ਵਤੀਰਾ ਦੱਸਿਆ। ਉਨ੍ਹਾਂ ਕਿਹਾ ਕਿ ਕੁਝ ਵਿਧਾਇਕ ਗੁੰਡਿਆਂ ਵਾਂਗ ਕੰਮ ਕਰ ਰਹੇ ਸਨ। ਉਨ੍ਹਾਂ ਨੇ ਵਿਧਾਨ ਸਭਾ ਕੰਪਲੈਕਸ ਦੇ ਉਪ-ਪ੍ਰਧਾਨ ਨੂੰ ਜ਼ਬਰਦਸਤੀ ਕੁਰਸੀ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਅਸੀਂ ਸਭਾ ਦੇ ਇਤਿਹਾਸ ’ਚ ਅਜਿਹਾ ਸ਼ਰਮਨਾਕ ਦਿਨ ਕਦੇ ਨਹੀਂ ਵੇਖਿਆ। ਮੈਨੂੰ ਸ਼ਰਮ ਆ ਰਹੀ ਹੈ ਕਿ ਜਨਤਾ ਸਾਡੇ ਬਾਰੇ ਕੀ ਸੋਚ ਰਹੀ ਹੋਵੇਗੀ।