ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਬੋਲੇ- ਹੁਣ ਅੱਗੇ ਵਧਣ ਦਾ ਸਮਾਂ
Tuesday, Mar 10, 2020 - 12:23 PM (IST)
ਭੋਪਾਲ/ਨਵੀਂ ਦਿੱਲੀ— ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਚ ਕਈ ਦਿਨਾਂ ਤੋਂ ਅੰਦਰੂਨੀ ਬਗਾਵਤ ਚੱਲ ਰਹੀ ਹੈ। ਇਸ ਸਿਆਸੀ ਘਮਾਸਾਨ ਦਰਮਿਆਨ ਕਾਂਗਰਸ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਭਾਵ ਅੱਜ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਸਤੀਫਾ ਭੇਜਿਆ ਹੈ। ਸਿੰਧੀਆ ਨੇ ਕਾਂਗਰਸ ਦੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਸਿੰਧੀਆ ਕਾਂਗਰਸ ਦਾ 'ਹੱਥ' ਛੱਡ ਕੇ ਭਾਜਪਾ ਦਾ ਪੱਲਾ ਫੜਨਗੇ। ਸੂਤਰਾਂ ਮੁਤਾਬਕ ਸਿੰਧੀਆ ਅੱਜ ਸ਼ਾਮ ਕਰੀਬ 6 ਵਜੇ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।
ਮੁੱਖ ਮੰਤਰੀ ਕਮਲਨਾਥ ਤੋਂ ਨਾਰਾਜ਼ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ। ਸਿੰਧੀਆ ਨੇ ਖੁਦ ਟਵੀਟ ਕਰ ਕੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜੋ ਅਸਤੀਫਾ ਪੱਤਰ ਸਾਂਝਾ ਕੀਤਾ ਹੈ, ਉਸ 'ਤੇ 9 ਮਾਰਚ ਦੀ ਤਰੀਕ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫੇ 'ਚ ਸਿੰਧੀਆ ਨੇ ਕਿਹਾ ਕਿ ਹੁਣ ਅੱਗੇ ਵਧਣ ਦਾ ਸਮਾਂ ਹੈ। ਆਪਣੇ ਸੂਬੇ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਹਮੇਸ਼ਾ ਤੋਂ ਮੇਰਾ ਮਕਸਦ ਰਿਹਾ ਹੈ। ਮੈਂ ਇਸ ਪਾਰਟੀ 'ਚ ਰਹਿ ਕੇ ਹੁਣ ਇਹ ਕਰਨ 'ਚ ਅਸਮਰੱਥ ਹਾਂ।
ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਵਿਧਾਇਕ ਵੀ ਉਨ੍ਹਾਂ ਦੇ ਨਾਲ ਜਾ ਸਕਦੇ ਹਨ। ਅਜਿਹੀ ਸਥਿਤੀ 'ਚ ਕਮਲਨਾਥ ਸਰਕਾਰ ਦੇ ਘੱਟ ਗਿਣਤੀ 'ਚ ਆਉਣ ਦਾ ਖਤਰਾ ਹੈ। ਕਮਲਨਾਥ ਸਰਕਾਰ ਦੇ ਡੂੰਘੇ ਸੰਕਟ ਦਰਮਿਆਨ ਕਰੀਬ 19 ਵਿਧਾਇਕਾਂ, ਜਿਨ੍ਹਾਂ 'ਚ ਸੂਬੇ ਦੇ 6 ਮੰਤਰੀ ਵੀ ਸ਼ਾਮਲ ਹਨ, ਨੇ ਸੋਮਵਾਰ ਦੇਰ ਰਾਤ ਆਪਣੇ ਅਸਤੀਫੇ ਦਿੱਤੇ ਹਨ। ਸਾਰਿਆਂ ਨੇ ਆਪਣੇ-ਆਪਣੇ ਅਸਤੀਫੇ ਮੁੱਖ ਮੰਤਰੀ ਕਮਲਨਾਥ ਨੂੰ ਸੌਂਪੇ ਹਨ। ਇਹ ਸਾਰੇ ਇਸ ਸਮੇਂ ਬੈਂਗਲੁਰੂ 'ਚ ਹਨ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਸਿਆਸੀ ਘਮਾਸਾਨ, ਭਾਜਪਾ ਦਾ ਸ਼ਾਮਲ ਹੋ ਸਕਦੇ ਨੇ ਸਿੰਧੀਆ