ਵਿਜ ਬੋਲੇ- ਕਾਂਗਰਸ ਇਕ ਪਾਰਟੀ ਨਹੀਂ, ਧੜਿਆਂ ਦਾ ਸਮੂਹ
Tuesday, Oct 22, 2024 - 04:11 PM (IST)
ਅੰਬਾਲਾ- ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਮੰਗਲਵਾਰ ਨੂੰ ਕਿਹਾ ਕਿ ਕਾਂਗਰਸ ਇਕ ਪਾਰਟੀ ਨਹੀਂ ਸਗੋਂ ਵੱਖ-ਵੱਖ ਧੜਿਆਂ ਦਾ ਸਮੂਹ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜ ਨੇ ਅੱਜ ਤੱਕ ਕਾਂਗਰਸ ਵਿਧਾਇਕ ਦਲ ਦਾ ਨੇਤਾ ਨਾ ਚੁਣੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ ਪਰ ਕਾਂਗਰਸ ਕੋਈ ਪਾਰਟੀ ਨਹੀਂ ਹੈ, ਇਹ ਵੱਖ-ਵੱਖ ਧੜਿਆਂ ਦਾ ਸਮੂਹ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਮਿਲ ਕੇ ਬੈਠ ਕੇ ਕੋਈ ਇਕ ਫ਼ੈਸਲਾ ਨਹੀਂ ਕਰ ਸਕਦੇ।
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਚੋਣਾਂ 'ਚ ਗੜਬੜੀ ਦੇ ਖਦਸ਼ੇ ਨੂੰ ਲੈ ਕੇ ਕਾਂਗਰਸ ਦੇ ਅਦਾਲਤ ਜਾਣ ਦੇ ਬਿਆਨ 'ਤੇ ਵਿਜ ਨੇ ਕਿਹਾ ਕਿ ਅਦਾਲਤਾਂ ਹਰ ਕਿਸੇ ਲਈ ਖੁੱਲ੍ਹੀਆਂ ਹਨ, ਚਾਹੇ ਉਹ ਕਿਤੇ ਵੀ ਜਾਣ। ਚੋਣਾਂ ਹੋ ਚੁੱਕੀਆਂ ਹਨ ਅਤੇ ਚੋਣ ਕਮਿਸ਼ਨ ਨੇ ਜਵਾਬ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕਾਂਗਰਸ ਹਾਰਦੀ ਹੈ ਤਾਂ ਈ. ਵੀ. ਐਮ ਖਰਾਬ ਹੋ ਜਾਂਦੀ ਹੈ। ਵਿਜ ਨੇ ਕਿਹਾ ਕਿ 25 ਅਕਤੂਬਰ ਨੂੰ ਹੋਣ ਵਾਲਾ ਸੈਸ਼ਨ ਸੀਮਤ ਮਿਆਦ ਦਾ ਹੋਵੇਗਾ, ਜਿਸ ਵਿਚ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਦੀਵਾਲੀ ਤੋਂ ਬਾਅਦ ਨਿਯਮਤ ਸੈਸ਼ਨ ਹੋਵੇਗਾ।