ਕਾਂਗਰਸ ਨੇ ਦਿੱਲੀ ਤੇ ਹਰਿਆਣਾ ’ਚ ਫੜਿਆ ਹੋਇਆ ਹੈ ‘ਝਾੜੂ’, ਪੰਜਾਬ ’ਚ ਦੱਸ ਰਹੇ ਨੇ ਚੋਰ : PM ਮੋਦੀ
Sunday, May 19, 2024 - 10:57 AM (IST)
ਸੋਨੀਪਤ/ਅੰਬਾਲਾ (ਸੰਜੀਵ ਦੀਕਸ਼ਿਤ, ਬਲਰਾਮ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕਾਂਗਰਸ ਤੇ ‘ਇੰਡੀਆ’ ਗੱਠਜੋੜ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਅੰਬਾਲਾ ਤੇ ਗੋਹਾਨਾ ’ਚ ਕਾਂਗਰਸ ਤੇ ‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਘਪਲਿਆਂ ਤੇ ਘਪਲੇਬਾਜ਼ਾਂ ਦਾ ਟੋਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਲੋਕ 5 ਸਾਲਾਂ ’ਚ 5 ਪ੍ਰਧਾਨ ਮੰਤਰੀ ਬਣਾਉਣ ਦਾ ਫਾਰਮੂਲਾ ਲੈ ਕੇ ਆਏ ਹਨ। ਇਹ ਦੇਸ਼ ਦਾ ਭਲਾ ਨਹੀਂ ਕਰ ਸਕਦੇ। ਕਾਂਗਰਸ ਤੇ ‘ਇੰਡੀਆ’ ਗੱਠਜੋੜ ਦਾ ਕਹਿਣਾ ਹੈ ਕਿ ਜੇ ਉਹ ਸੱਤਾ ’ਚ ਆਏ ਤਾਂ ਧਾਰਾ 370 ਦੀ ਕੰਧ ਨੂੰ ਕਬਰਿਸਤਾਨ ’ਚ ਦਫਨ ਕਰ ਦੇਣਗੇ। ਕਾਂਗਰਸ ਚਾਹੁੰਦੀ ਹੈ ਕਿ ਕਸ਼ਮੀਰ ’ਚ ਫਿਰ ਤੋਂ ਦੰਗੇ ਅਤੇ ਖੂਨ-ਖਰਾਬਾ ਹੋਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ 370 ਨੂੰ ਬਹਾਲ ਕਰਨਾ ਤਾਂ ਦੂਰ, ਜੇ ਕੋਈ ਇਸ ਬਾਰੇ ਸੋਚਦਾ ਵੀ ਹੈ ਤਾਂ ਉਸ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਕਾਂਗਰਸ ਦਾ ਮੰਤਵ ਹੈ ਕਿ ਮੋਦੀ ਨੇ 10 ਸਾਲਾਂ ’ਚ ਜੋ ਵੀ ਕੀਤਾ, ਸੱਤਾ 'ਚ ਆਉਣ ’ਤੇ ਉਸ ਨੂੰ ਚੌਪਟ ਕਰ ਦਿੱਤਾ ਜਾਏ। ਪੀ. ਐੱਮ. ਨੇ ਕਿਹਾ ਕਿ ਕਾਂਗਰਸ ਦਾ ਧੋਖਾਦੇਹੀ ਦਾ ਇਤਿਹਾਸ ਰਿਹਾ ਹੈ। ਕਾਂਗਰਸ ਵੱਲੋਂ ਪਹਿਲਾ ਘਪਲਾ ਭਾਰਤੀ ਫੌਜ ’ਚ ਹੀ ਕੀਤਾ ਗਿਆ ਸੀ। ਫੌਜ ਨੂੰ ਕਮਜ਼ੋਰ ਕਰ ਦਿੱਤਾ ਤਾਂ ਜੋ ਵਿਦੇਸ਼ਾਂ ਤੋਂ ਹਥਿਆਰ ਮੰਗਵਾ ਕੇ ਮੋਟੀ ਕਮਾਈ ਕੀਤੀ ਜਾ ਸਕੇ। ਸਿਪਾਹੀਆਂ ਨੂੰ ਲਾਠੀਆਂ ਦੇ ਕੇ ਗੋਲੀਆਂ ਦਾ ਮੁਕਾਬਲਾ ਕਰਨ ਲਈ ਕਿਹਾ ਗਿਆ। ਫੌਜ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਨੂੰ ਖੁੱਲ੍ਹੀ ਛੋਟ ਦਿੱਤੀ ਹੈ ਕਿ ਦੁਸ਼ਮਣ ਨੂੰ ਜਵਾਬ ਦਿੰਦੇ ਹੋਏ ਗੋਲੀਆਂ ਦੀ ਗਿਣਤੀ ਕਰਨ ਦੀ ਲੋੜ ਨਹੀਂ। ਉਨ੍ਹਾਂ ਕਾਂਗਰਸ ’ਤੇ ‘ਵਨ ਰੈਂਕ ਵਨ ਪੈਨਸ਼ਨ’ ਦੇ ਮਾਮਲੇ ’ਚ ਸਿਰਫ ਸਿਆਸਤ ਕਰਨ ਦਾ ਦੋਸ਼ ਵੀ ਲਾਇਆ। ਅੰਬਾਲਾ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਿਰਫ਼ ਵੋਟਾਂ ਨਾਲ ਹੀ ਮਤਲਬ ਹੈ। ਦਿੱਲੀ ’ਤੇ ਹਰਿਆਣਾ ’ਚ ਕਾਂਗਰਸੀ ਹੱਥਾਂ ’ਚ ‘ਝਾੜੂ’ ਲੈ ਕੇ ਘੁੰਮ ਰਹੇ ਹਨ, ਜਦੋਂ ਕਿ ਪੰਜਾਬ ’ਚ ਕਹਿ ਰਹੇ ਹਨ ਕਿ ਝਾੜੂ ਵਾਲਾ ਚੋਰ ਹੈ। ਉਨ੍ਹਾਂ ਹਰਿਆਣਾ ਦੇ ਲੋਕਾਂ ਬਾਰੇ ਕੀ ਸੋਚਿਆ ਹੋਇਆ ਹੈ?
‘ਵੋਟ ਜਹਾਦ’ ਵਾਲਿਆਂ ਨੂੰ ਖੁਸ਼ ਕਰਨ ਲਈ ਕਾਂਗਰਸ ਨੇ ਨਹੀਂ ਬਣਨ ਦਿੱਤਾ ਰਾਮ ਮੰਦਰ
ਮੋਦੀ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਮੰਦਰ ਆਜ਼ਾਦੀ ਤੋਂ ਤੁਰੰਤ ਬਾਅਦ ਬਣਨਾ ਚਾਹੀਦਾ ਸੀ ਪਰ ਕਾਂਗਰਸ ਨੇ ਵੋਟ ਜਹਾਦ ਦੇ ਲਾਲਚ ’ਚ ਲੋਕਾਂ ਨੂੰ ਖੁਸ਼ ਕਰਨ ਲਈ ਮੰਦਰ ਦਾ ਮੁੱਦਾ ਲਟਕਾਈ ਰੱਖਿਆ। ਜਦੋਂ ਰਾਮ ਮੰਦਰ ਦਾ ਮੁੱਦਾ ਅਦਾਲਤਾਂ ’ਚ ਲਿਜਾਇਆ ਗਿਆ ਤਾਂ ਉੱਥੇ ਵੀ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ-ਕੱਲ ਕਾਂਗਰਸੀ ਆਗੂ ਪਾਕਿਸਤਾਨ ਦੇ ਬੁਲਾਰੇ ਬਣ ਗਏ ਹਨ ਅਤੇ ਪਾਕਿਸਤਾਨ ਦੀ ਖੂਬ ਤਾਰੀਫ਼ ਕਰ ਰਹੇ ਹਨ। ਉਹ ਪਾਕਿਸਤਾਨ ਵਲੋਂ ਮੈਨੂੰ ਇਹ ਧਮਕੀਆਂ ਦੇ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪਾਕਿਸਤਾਨ ਕੋਲ ਪਰਮਾਣੂ ਬੰਬ ਹੈ, ਪਰ ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਇਹ ਮੋਦੀ ਦਾ ਦੌਰ ਹੈ। ਅਸੀਂ ਘਰ ’ਚ ਵੜ ਕੇ ਮਾਰ ਦਿੰਦੇ ਹਾਂ। ਜਿਸ ਪਾਕਿਸਤਾਨ ਦੇ ਹੱਥਾਂ ਵਿਚ ਬੰਬ ਹੁੰਦਾ ਸੀ, ਅੱਜ ਉਸ ਦੇ ਹੱਥਾਂ ਵਿਚ ਭੀਖ ਮੰਗਣ ਵਾਲਾ ਕਟੋਰਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਜ਼ਬੂਤ ਸਰਕਾਰ ਹੁੰਦੀ ਹੈ ਤਾਂ ਦੁਸ਼ਮਣ ਕੰਬਦਾ ਹੈ। ਗਾਂਧੀ ਪਰਿਵਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਰਾਜ ’ਚ ਜੋ ਵੀ ਕੰਮ ਹੋਇਆ, ਉਹ ਸਿਰਫ ਸ਼ਾਹੀ ਪਰਿਵਾਰ ਨਾਲ ਹੀ ਸਬੰਧਤ ਸੀ। ਕਾਂਗਰਸ ਦਾ ਚੋਣ ਮਨੋਰਥ ਪੱਤਰ ਪੂਰੀ ਤਰ੍ਹਾਂ ਮੁਸਲਿਮ ਲੀਗ ਦਾ ਚੋਣ ਮਨੋਰਥ ਪੱਤਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਨੇ ਵੀ ਇਹ ਕਿਹਾ ਹੈ ਕਿ ਦੇਸ਼ ਦੇ ਸੋਮਿਆਂ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ, ਪਰ ਮੋਦੀ ਦਾ ਮੰਨਣਾ ਹੈ ਕਿ ਦੇਸ਼ ਦੀ ਦੌਲਤ ’ਤੇ ਪਹਿਲਾ ਹੱਕ ਗਰੀਬਾਂ ਦਾ ਹੈ। ਐੱਸ. ਐੱਸ. ਟੀ. ਤੇ ਓ. ਬੀ. ਸੀ. ਦੇ ਰਾਖਵੇਂਕਰਨ ਬਾਰੇ ਉਨ੍ਹਾਂ ਕਿਹਾ ਕਿ ਕਰਨਾਟਕ ’ਚ ਬਾਬਾ ਸਾਹਿਬ ਵੱਲੋਂ ਬਣਾਏ ਕਾਨੂੰਨ ਨੂੰ ਬਦਲ ਕੇ ਕਾਂਗਰਸ ਨੇ ਬਾਬਾ ਸਾਹਿਬ ਦੀ ਪਿੱਠ ’ਚ ਛੁਰਾ ਮਾਰਿਆ ਹੈ। ਕਰਨਾਟਕ ਦੀ ਕਾਂਗਰਸ ਸਰਕਾਰ ਨੇ ਮੁਸਲਮਾਨਾਂ ਨੂੰ ਓ. ਬੀ. ਸੀ. ਦੇ ਘੇਰੇ ’ਚ ਲਿਆ ਕੇ ਓ. ਬੀ. ਸੀ. ਵਰਗ ਨੂੰ ਧੋਖਾ ਦਿੱਤਾ ਹੈ। ਭਾਜਪਾ ਦੇ ਚੋਣ ਮਨੋਰਥ ਪੱਤਰ ’ਚ ਕੀਤੇ ਵਾਅਦੇ ਨੂੰ ਦੁਹਰਾਉਂਦਿਆਂ ਮੋਦੀ ਨੇ ਕਿਹਾ ਕਿ ਦੇਸ਼ ’ਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਔਰਤਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8