ਕਾਂਗਰਸ ਨੇ ਵੋਟ ਬੈਂਕ ਲਈ ਅੱਤਵਾਦ ਨੂੰ ਦਿੱਤੀ ਸ਼ਰਨ : ਮੋਦੀ

05/06/2023 1:25:22 PM

ਬੇਲਾਰੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਫਿਲਮ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਜਾਰੀ ਵਿਵਾਦ ਦਾ ਜ਼ਿਕਰ ਕਰਦੇ ਹੋਏ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਕਿ ਉਹ ਸਮਾਜ ਨੂੰ ਤਹਿਸ-ਨਹਿਸ ਕਰਨ ਵਾਲੀ ‘ਅੱਤਵਾਦੀ ਸੋਚ’ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਦੋਸ਼ ਵੀ ਲਾਇਆ ਕਿ ਕਾਂਗਰਸ ਅੱਤਵਾਦੀ ਸੋਚ ਵਾਲਿਆਂ ਵਲੋਂ ਪਿਛਲੇ ਦਰਵਾਜਿਓਂ ਰਾਜਨੀਤਿਕ ਸੌਦੇਬਾਜ਼ੀ ਤੱਕ ਕਰ ਰਹੀ ਹੈ। ‘ਦਿ ਕੇਰਲ ਸਟੋਰੀ’ ਨੂੰ ਅੱਤਵਾਦੀਆਂ ਦੀਆਂ ‘ਫਰਜ਼ੀ ਨੀਤੀਆਂ’ ਦੀਆਂ ਸਾਜ਼ਿਸ਼ਾਂ ’ਤੇ ਆਧਾਰਿਤ ਫਿਲਮ ਕਰਾਰ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਇਹ ਫਿਲਮ ਕੇਰਲ ’ਚ ਚੱਲ ਰਹੀਆਂ ਅੱਤਵਾਦੀ ਸਾਜ਼ਿਸ਼ਾਂ ਦਾ ਖੁਲਾਸਾ ਕਰਦੀ ਹੈ। ਉਨ੍ਹਾਂ ਕਿਹਾ, ‘‘ਦੇਸ਼ ਦੀ ਬਦਕਿਸਮਤੀ ਵੇਖੋ। ਕਾਂਗਰਸ ਅੱਜ ਸਮਾਜ ਨੂੰ ਤਹਿਸ-ਨਹਿਸ ਕਰਨ ਵਾਲੀ ਇਸ ਅੱਤਵਾਦੀ ਸੋਚ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ।’’

PunjabKesari

ਪ੍ਰਧਾਨ ਮੰਤਰੀ ਨੇ ਅੱਤਵਾਦ ਨੂੰ ਮਨੁੱਖਤਾ ਵਿਰੋਧੀ, ਜੀਵਨ ਕਦਰਾਂ-ਕੀਮਤਾਂ ਵਿਰੋਧੀ ਅਤੇ ਵਿਕਾਸ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਭਾਜਪਾ ਇਸ ਮੁੱਦੇ ’ਤੇ ਸਖ਼ਤ ਹੈ ਪਰ ਜਦੋਂ ਵੀ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਕਾਂਗਰਸ ਦੇ ਢਿੱਡ ’ਚ ਪੀੜ ਹੋਣ ਲੱਗਦਾ ਹੈ। ਉਨ੍ਹਾਂ ਕਿਹਾ,‘‘ਮੈਂ ਇਹ ਵੇਖ ਕੇ ਹੈਰਾਨ ਹਾਂ ਕਿ ਵੋਟ ਬੈਂਕ ਦੀ ਖਾਤਰ ਕਾਂਗਰਸ ਨੇ ਅੱਤਵਾਦ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ। ਵੋਟ ਬੈਂਕ ਦੀ ਵਜ੍ਹਾ ਨਾਲ ਅੱਜ ਕਾਂਗਰਸ ਅੱਤਵਾਦ ਦੇ ਖਿਲਾਫ ਇਕ ਸ਼ਬਦ ਬੋਲਣ ਦੀ ਵੀ ਹਿੰਮਤ ਗੁਆ ਚੁੱਕੀ ਹੈ। ਵੋਟ ਬੈਂਕ ਦੀ ਰਾਜਨੀਤੀ ਦੀ ਵਜ੍ਹਾ ਨਾਲ ਕਾਂਗਰਸ ਨੇ ਅੱਤਵਾਦ ਨੂੰ ਪਾਲਿਆ-ਪੋਸਿਆ ਅਤੇ ਉਸ ਨੂੰ ਸ਼ਰਨ ਦਿੱਤੀ।’’ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਨੇ ਕਿਹਾ ਕਿ ਭਾਜਪਾ ਦਾ ਐਲਾਨ-ਪੱਤਰ ਉਸ ਦੇ ਲਈ ‘ਵਾਅਦਾ ਪੱਤਰ’ ਹੈ ਅਤੇ ਉਸ ’ਚ ਕਰਨਾਟਕ ਨੂੰ ਦੇਸ਼ ਦਾ ਨੰਬਰ ਵਨ ਸੂਬਾ ਬਣਾਉਣ ਦਾ ਰੋਡਮੈਪ ਹੈ, ਜਦੋਂ ਕਿ ਕਾਂਗਰਸ ਦੇ ਐਲਾਨ-ਪੱਤਰ ’ਚ ਢੇਰ ਸਾਰੇ ਝੂਠੇ ਵਾਅਦੇ ਹਨ। ਉਨ੍ਹਾਂ ਕਿਹਾ,‘‘ਕਾਂਗਰਸ ਦਾ ਐਲਾਨ-ਪੱਤਰ ਮਤਲਬ ਤਾਲਾਬੰਦੀ ਅਤੇ ਤੁਸ਼ਟੀਕਰਨ ਦਾ ਬੰਡਲ।’’ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਰਨਾਟਕ ਚੋਣਾਂ ’ਚ ਕਾਂਗਰਸ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਹੈ ਕਿ ਉਸ ਦੇ ਨੇਤਾਵਾਂ ਦੇ ਪੈਰ ਕੰਬ ਰਹੇ ਹਨ ਅਤੇ ਇਸ ਲਈ ਕਾਂਗਰਸ ਨੂੰ ਉਨ੍ਹਾਂ ਦੇ ‘ਜੈ ਬਜਰੰਗ ਬਲੀ’ ਬੋਲਣ ’ਤੇ ਵੀ ਇਤਰਾਜ਼ ਹੋਣ ਲੱਗਾ ਹੈ।


DIsha

Content Editor

Related News