ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਛੱਡੀ ਪਾਰਟੀ

Saturday, Apr 19, 2025 - 04:41 PM (IST)

ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਛੱਡੀ ਪਾਰਟੀ

ਪੁਣੇ- ਮਹਾਰਾਸ਼ਟਰ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਕਾਰ ਸਾਬਕਾ ਕਾਂਗਰਸ ਵਿਧਾਇਕ ਸੰਗਰਾਮ ਥੋਪਟੇ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਥੋਪਟੇ ਨੇ ਪੁਣੇ ਜ਼ਿਲ੍ਹੇ ਦੇ ਭੋਰ ਚੋਣ ਹਲਕੇ ਦੀ ਤਿੰਨ ਵਾਰ ਨੁਮਾਇੰਦਗੀ ਕੀਤੀ ਹੈ ਪਰ 2024 ਦੀਆਂ ਵਿਧਾਨ ਸਭਾ ਚੋਣਾਂ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਉਮੀਦਵਾਰ ਸ਼ੰਕਰ ਮਾਂਡੇਕਰ ਤੋਂ ਹਾਰ ਗਏ ਸਨ। ਥੋਪਟੇ ਦਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਉਹ ਸੀਨੀਅਰ ਕਾਂਗਰਸ ਨੇਤਾ ਅਨੰਤਰਾਓ ਥੋਪਟੇ ਦੇ ਬੇਟੇ ਹਨ, ਜਿਨ੍ਹਾਂ ਨੇ ਮਹਾਰਾਸ਼ਟਰ ਵਿਧਾਨ ਸਭਾ 'ਚ ਭੋਰ ਸੀਟ ਦੀ 6 ਵਾਰ ਨੁਮਾਇੰਦਗੀ ਕੀਤੀ। ਥੋਪਟੇ ਨੇ ਸ਼ਨੀਵਾਰ ਨੂੰ ਫੋਨ 'ਤੇ ਦੱਸਿਆ,"ਮੈਂ ਆਪਣਾ ਅਸਤੀਫ਼ਾ ਸੂਬਾ ਕਾਂਗਰਸ ਪ੍ਰਧਾਨ ਹਰਸ਼ਵਰਧਨ ਸਪਕਾਲ ਅਤੇ ਪਾਰਟੀ ਦੇ ਮਹਾਰਾਸ਼ਟਰ ਇੰਚਾਰਜ ਰਮੇਸ਼ ਚੇਨੀਥਲਾ ਨੂੰ ਸੌਂਪ ਦਿੱਤਾ ਹੈ।"

ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ ਸੀ ਅਤੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਫੋਟੋ ਤੋਂ ਕਾਂਗਰਸ ਦਾ ਲੋਗੋ ਹਟਾ ਦਿੱਤਾ। ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਤਾਂ ਥੋਪਟੇ ਨੇ ਕਿਹਾ ਕਿ ਉਹ ਐਤਵਾਰ ਨੂੰ ਆਪਣੇ ਸਮਰਥਕਾਂ ਨਾਲ ਇਸ ਬਾਰੇ ਚਰਚਾ ਕਰਨਗੇ। ਥੋਪਟੇ ਦੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੂਬਾ ਕਾਂਗਰਸ ਪ੍ਰਧਾਨ ਹਰਸ਼ਵਰਧਨ ਸਪਕਾਲ ਨੇ ਕਿਹਾ,"ਅਨੰਤਰਾਓ ਥੋਪਟੇ ਪਾਰਟੀ ਦੇ ਇਕ ਸੀਨੀਅਰ ਨੇਤਾ ਹਨ। ਥੋਪਟੇ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਸੰਗਰਾਮ ਥੋਪਟੇ ਨੂੰ ਉਸ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੀਦਾ ਹੈ।" ਸਪਕਾਲ ਨੇ ਦਾਅਵਾ ਕੀਤਾ ਕਿ ਜਦੋਂ ਵਿਰੋਧੀ ਧਿਰ ਮਹਾਂ ਵਿਕਾਸ ਅਘਾੜੀ (ਐੱਮਵੀਏ) ਸੱਤਾ 'ਚ ਸੀ ਤਾਂ ਕਾਂਗਰਸ ਨਾਨਾ ਪਟੋਲੇ ਦੇ ਅਸਤੀਫ਼ੇ ਤੋਂ ਬਾਅਦ ਸੰਗਰਾਮ ਥੋਪਟੇ ਨੂੰ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਉਣਾ ਚਾਹੁੰਦੀ ਸੀ ਪਰ (ਉਸ ਸਮੇਂ ਵਿਰੋਧੀ ਧਿਰ ਦੇ ਨੇਤਾ) ਦੇਵੇਂਦਰ ਫੜਨਵੀਸ ਨੇ ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ 'ਤੇ ਦਬਾਅ ਪਾ ਕੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।

ਉਨ੍ਹਾਂ ਕਿਹਾ,"ਫੜਨਵੀਸ ਨੇ ਕੋਸ਼ਿਆਰੀ 'ਤੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ ਚੋਣ ਮੁਲਤਵੀ ਕਰਨ ਲਈ ਦਬਾਅ ਪਾਇਆ। ਨਤੀਜੇ ਵਜੋਂ, ਥੋਪਟੇ ਅਹੁਦਾ ਨਹੀਂ ਸੰਭਾਲ ਸਕੇ।" ਫਰਵਰੀ 2021 'ਚ ਪਟੋਲੇ ਦੇ ਅਸਤੀਫਾ ਦੇਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਦਾ ਅਹੁਦਾ ਖਾਲੀ ਹੋ ਗਿਆ ਸੀ। ਜੁਲਾਈ 2022 'ਚ, ਭਾਜਪਾ ਵਿਧਾਇਕ ਰਾਹੁਲ ਨਾਰਵੇਕਰ ਪ੍ਰਧਾਨ ਬਣੇ। ਸਪਕਾਲ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਸਪੀਕਰ ਦੀ ਨਿਯੁਕਤੀ ਵਿੱਚ ਦੇਰੀ ਨੇ ਆਖਰਕਾਰ ਸ਼ਿਵ ਸੈਨਾ (2022 ਵਿੱਚ) ਵਿੱਚ ਰਾਜਨੀਤਿਕ ਫੁੱਟ ਪਾ ਦਿੱਤੀ। ਸਪਕਾਲ ਨੇ ਪੱਤਰਕਾਰਾਂ ਨੂੰ ਕਿਹਾ,''ਇਹ ਫੜਨਵੀਸ ਹੀ ਸਨ ਜਿਨ੍ਹਾਂ ਨੇ ਥੋਪਟੇ ਨਾਲ ਗਲਤ ਕੀਤਾ।'' ਉਨ੍ਹਾਂ ਨੂੰ ਫੜਨਵੀਸ ਦੇ ਪ੍ਰਭਾਵ 'ਚ ਨਹੀਂ ਆਉਣਾ ਚਾਹੀਦਾ ਜਿਨ੍ਹਾਂ ਨੇ ਉਨ੍ਹਾਂ ਚੋਣ ਹਾਰ ਯਕੀਨੀ ਕੀਤੀ।'' ਦਸੰਬਰ 2024 'ਚ 15ਵੀਂ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਅਹੁਦੇ ਲਈ ਨਾਰਵੇਕਰ ਬਿਨਾਂ ਵਿਰੋਧ ਚੁਣੇ ਗਏ, ਕਿਉਂਕਿ ਐੱਮਵੀਏ ਨੇ ਚੋਣ ਨਹੀਂ ਲੜਣ ਦਾ ਫ਼ੈਸਲਾ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News