ਸਿਰਫ਼ ਕਾਂਗਰਸ, ਖ਼ਾਸ ਕਰ ਕੇ ਰਾਹੁਲ ਗਾਂਧੀ ਨੇ ਸਮਝੀ ਜੰਮੂ-ਕਸ਼ਮੀਰ ਦੀ ਪੀੜ : ਮਹਿਬੂਬਾ

03/29/2024 1:45:54 PM

ਨਵੀਂ ਦਿੱਲੀ, (ਭਾਸ਼ਾ)- ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਇਕ ਨਵੀਂ ਕਿਤਾਬ ’ਚ ਲਿਖਿਆ ਹੈ ਕਿ ਜੰਮੂ-ਕਸ਼ਮੀਰ ਨੂੰ ਜਿਸ ਪੀੜ ਅਤੇ ਦੁਬਿਧਾ ’ਚ ਧੱਕਿਆ ਗਿਆ ਹੈ, ਉਸ ਨੂੰ ਸਿਰਫ ਕਾਂਗਰਸ ਅਤੇ ਖਾਸ ਕਰ ਕੇ ਰਾਹੁਲ ਗਾਂਧੀ ਹੀ ਸਮਝ ਸਕਦੇ ਹਨ। ‘ਭਾਰਤ ਜੋੜੋ ਯਾਤਰਾ : ਰੀਕਲੇਮਿੰਗ ਇੰਡੀਆਜ਼ ਸੋਲ’ ਨਾਂ ਵਾਲੀ ਇਹ ਕਿਤਾਬ ਲੇਖਾਂ ਦਾ ਇਕ ਸੰਗ੍ਰਹਿ ਹੈ, ਜੋ ਸ਼ੁੱਕਰਵਾਰ ਨੂੰ ਰਿਲੀਜ਼ ਕੀਤੀ ਗਈ।

ਮੁਫਤੀ ਨੇ ਲੇਖ ’ਚ ਲਿਖਿਆ ਹੈ ਕਿ ‘ਭਾਰਤ ਦੇ ਵਿਚਾਰ’ ਨੂੰ ਬਚਾਉਣ ਦਾ ਰਸਤਾ ਜੰਮੂ-ਕਸ਼ਮੀਰ ਤੋਂ ਹੋ ਕੇ ਲੰਘਦਾ ਹੈ, ਜੋ ਆਪਣੇ-ਆਪ ’ਚ ‘ਲਘੂ ਭਾਰਤ’ ਹੈ ਅਤੇ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਸਦੀਆਂ ਤੋਂ ਸ਼ਾਂਤੀਪੂਰਨ ਤਰੀਕੇ ਨਾਲ ਇਕੱਠੇ ਰਹਿ ਰਹੇ ਹਨ। ਕਿਤਾਬ ਪਾਠਕਾਂ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’, ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਾਉਂਦੀ ਹੈ, ਜਿਸ ’ਚ ਸਤੰਬਰ 2022 ਤੋਂ ਜਨਵਰੀ 2023 ਤੱਕ 4,000 ਕਿਲੋਮੀਟਰ ਦੀ ਦੇਸ਼ ਪੱਧਰੀ ਯਾਤਰਾ ਕੀਤੀ ਗਈ ਹੈ। ਉਨ੍ਹਾਂ ਨੇ ਆਪਣੀ ਬੇਟੀ ਇਲਤਿਜਾ ਮੁਫਤੀ ਦੇ ਨਾਲ ਇਸ ਕਿਤਾਬ ਨੂੰ ਲਿਖਿਆ ਹੈ।

ਉਨ੍ਹਾਂ ਕਿਹਾ, ‘‘ਅੱਜ ਪੁਰਾਣੇ ਜੰਮੂ-ਕਸ਼ਮੀਰ ਰਾਜ ਦੇ ਹਰ ਕੋਨੇ ’ਚ ਲੋਕ ਥੋੜ੍ਹਾ ਬਦਲਾਅ ਮਹਿਸੂਸ ਕਰ ਰਹੇ ਹਨ। ਜੇ ਕੋਈ ਇਤਿਹਾਸ ਦੇ ਪੰਨੇ ਪਲਟੇ, ਤਾਂ ਸ਼ਾਇਦ ਸਿਰਫ ਕਾਂਗਰਸ, ਖਾਸ ਕਰ ਕੇ ਆਰ. ਜੀ. (ਰਾਹੁਲ ਗਾਂਧੀ) ਹੀ ਹਨ, ਜੋ ਜੰਮੂ-ਕਸ਼ਮੀਰ ਦੀ ਪੀੜ ਅਤੇ ਦੁਬਿਧਾ ਨੂੰ ਸਮਝ ਸਕਦੇ ਹਨ।’’

ਮੁਫਤੀ ਨੇ ਲਿਖਿਆ, ‘‘ਮੈਨੂੰ ਉਮੀਦ ਹੈ ਕਿ ਜੇ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ ਗੱਠਜੋੜ) 2024 ਦੀਆਂ ਚੋਣਾਂ ’ਚ ਜਿੱਤਦਾ ਹੈ, ਤਾਂ ਉਹ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਭਰਨ ਦੀ ਕੋਸ਼ਿਸ਼ ਕਰੇਗਾ।’’ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਵਿਰੋਧੀ ‘ਇੰਡੀਆ’ ਗੱਠਜੋੜ ’ਚ ਕਾਂਗਰਸ ਦੇ ਨਾਲ ਭਾਈਵਾਲ ਪਾਰਟੀ ਦੇ ਤੌਰ ’ਤੇ ਸ਼ਾਮਲ ਹੈ।


Rakesh

Content Editor

Related News