ਕੇਰਲ ’ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸੰਪੰਨ, ਰਾਹੁਲ ਬੋਲੇ- ‘ਮੈਂ ਲੋਕਾਂ ਦਾ ਸਦਾ ਰਿਣੀ ਰਹਾਂਗਾ’

09/30/2022 1:17:03 PM

ਮਲਪੁਰਮ (ਕੇਰਲ), (ਭਾਸ਼ਾ)– ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਕੇਰਲ ’ਚ ਵੀਰਵਾਰ ਨੂੰ ਸਮਾਪਤ ਹੋ ਗਈ। ਹੁਣ ਪਦਯਾਤਰਾ ਤਾਮਿਲਨਾਡੂ ’ਚ ਮੁੜ ਸ਼ੁਰੂ ਕੀਤੀ ਜਾਵੇਗੀ।

ਰਾਹੁਲ ਗਾਂਧੀ ਨੇ ਵੀਰਵਾਰ ਸਵੇਰੇ ਇੱਥੇ ਚੁੰਗਥਾਰਾ ਦੇ ਮਾਰਥੋਮਾ ਕਾਲਜ ਜੰਕਸ਼ਨ ਤੋਂ ਪਦਯਾਤਰਾ ਸ਼ੁਰੂ ਕੀਤੀ ਸੀ, ਜੋ ਲਗਭਗ 8.6 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਵਾਝਿਕਦਾਵੂ ’ਚ ਸੀ. ਕੇ. ਐੱਚ. ਐੱਸ. ਮਣਿਮੁਲੀ ਪਹੁੰਚੀ। ਇਹ ਕੇਰਲ ’ਚ ਯਾਤਰਾ ਦਾ ਇਹ ਆਖਰੀ ਪੜਾਅ ਸੀ।

ਗਾਂਧੀ ਅਤੇ ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼, ਦਿਗਵਿਜੇ ਸਿੰਘ ਨੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਦੇ ਨੇਤਾਵਾਂ, ਪਾਰਟੀ ਵਰਕਰਾਂ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ, ਜੋ ਸੂਬੇ ’ਚ 18 ਦਿਨਾਂ ਤੋਂ ਵੱਧ ਸਮੇਂ ਤੱਕ ਪਦਯਾਤਰਾ ਦਾ ਹਿੱਸਾ ਬਣੇ।

ਗਾਂਧੀ ਨੇ ਟਵੀਟ ਕੀਤਾ, ‘ਘਰ ਉਹੀ ਹੈ ਜਿੱਥੇ ਤੁਹਾਨੂੰ ਪਿਆਰ ਮਿਲਦਾ ਹੈ ਅਤੇ ਕੇਰਲ ਮੇਰਾ ਘਰ ਹੈ। ਮੈਂ ਕਿੰਨਾ ਵੀ ਪਿਆਰ ਦੇਵਾਂ, ਮੈਨੂੰ ਇੱਥੋਂ ਦੇ ਲੋਕਾਂ ਤੋਂ ਬਦਲੇ ’ਚ ਉਸ ਤੋਂ ਹਮੇਸ਼ਾ ਵੱਧ ਹੀ ਮਿਲਦਾ ਹੈ। ਮੈਂ ਸਦਾ ਰਿਣੀ ਰਹਾਂਗਾ। ਧੰਨਵਾਦ।’

ਉਨ੍ਹਾਂ ਕਿਹਾ, ‘ਮੈਂ ਕਾਂਗਰਸ, ਯੂ. ਡੀ. ਐੱਫ. ਦੇ ਨੇਤਾਵਾਂ ਅਤੇ ਵਰਕਰਾਂ, ਕੇਰਲ ਪੁਲਸ, ਮੀਡੀਆ ਕਰਮੀਆਂ ਅਤੇ ਇਸ ਖੂਬਸੂਰਤ ਸੂਬੇ ’ਚ ‘ਭਾਰਤ ਜੋੜੋ ਯਾਤਰਾ’ ਦਾ ਹਿੱਸਾ ਬਣਨ ਵਾਲੇ ਸਾਰੇ ਲੋਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਤੁਸੀਂ ਜੋ ਸਾਨੂੰ ਸਮਰਥਨ ਦਿੱਤਾ ਹੈ, ਉਹ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ​​ਬਣਾਉਂਦਾ ਹੈ।’

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯਾਤਰਾ ਦੇ ਰਾਸ਼ਟਰੀ ਕਨਵੀਨਰ ਦਿਗਵਿਜੇ ਸਿੰਘ ਨੇ ਟਵੀਟ ਕੀਤਾ, ‘ਦੂਜੇ ਸੂਬਿਆਂ ਦੀ ਪੀ. ਸੀ. ਸੀ. ਨੂੰ ਵੀ ਕੇਰਲ ਪੀ. ਸੀ. ਸੀ. ਤੋਂ ਸੰਗਠਨਾਤਮਕ ਕੰਮ ਸਿੱਖਣੇ ਚਾਹੀਦੇ ਹਨ। ਕੇਰਲਾ ਦੇ ਲੋਕਾਂ ਅਤੇ ਕੇਰਲ ਦੇ ਕਾਂਗਰਸ ਦੇ ਮੈਂਬਰਾਂ ਦਾ ਇਸ ਸ਼ਾਨਦਾਰ ਸਮਰਥਨ ਲਈ ਬਹੁਤ ਬਹੁਤ ਧੰਨਵਾਦ।’


Rakesh

Content Editor

Related News