ਕਾਂਗਰਸ ਨੇ ਸਰਕਾਰ 'ਤੇ ਦਾਗੇ ਸਵਾਲ, ਪੁੱਛਿਆ ਕੋਰੋਨਾ ਟੈਸਟਿੰਗ 'ਚ ਢਿੱਲ ਕਿਉਂ?
Sunday, Apr 26, 2020 - 06:29 PM (IST)
ਨਵੀਂ ਦਿੱਲੀ— ਕਾਂਗਰਸ ਨੇ ਕਿਹਾ ਕਿ ਦੁਨੀਆ ਦਾ ਕੋਰੋਨਾ ਮਹਾਂਮਾਰੀ ਨਾਲ ਲੜਨ ਦਾ ਤਜਰਬਾ ਦੱਸ ਰਿਹਾ ਹੈ ਕਿ ਇਸ ਵਾਇਰਸ ਨਾਲ ਟੈਸਟਿੰਗ ਨਾਲ ਹੀ ਨਜਿੱਠਿਆ ਜਾ ਸਕਦਾ ਹੈ ਪਰ ਸਾਡੇ ਕੋਲ ਟੈਸਟਿੰਗ ਦੀ ਸਮਰੱਥਾ ਦੇ ਬਾਵਜੂਦ ਸਰਕਾਰ ਮਹਾਂਮਾਰੀ ਨਾਲ ਲੜਨ ਲਈ ਇਸ ਦਾ ਪੂਰਾ ਇਸਤੇਮਾਲ ਨਹੀਂ ਕਰ ਰਹੀ ਹੈ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਐਤਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਸਰਕਾਰ 'ਤੇ ਕਈ ਸਵਾਲਾਂ ਦੀ ਵਾਛੜ ਕੀਤੀ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਸਾਡੇ ਇੱਥੇ ਕੋਰੋਨਾ ਦਾ ਪਹਿਲਾ ਮਾਮਲਾ ਮਿਲਣ ਤੋਂ ਬਾਅਦ ਹੁਣ ਤੱਕ ਤਕਰੀਬਨ 5 ਲੱਖ 80 ਹਜ਼ਾਰ ਲੋਕਾਂ ਦੇ ਹੀ ਟੈਸਟ ਹੋ ਸਕੇ ਹਨ। ਭਾਰਤ 'ਚ ਜਿੰਨੀ ਟੈਸਟਿੰਗ ਹੋ ਰਹੀ ਹੈ ਉਹ ਗੁਆਂਢੀ ਮੁਲਕਾਂ ਨਾਲੋਂ ਵੀ ਬਹੁਤ ਘੱਟ ਹੈ।
ਮਨੀਸ਼ ਤਿਵਾੜੀ ਨੇ ਕਿਹਾ ਕਿ ਵਿਸ਼ਲੇਸ਼ਕ ਮੰਨਦੇ ਹਨ ਕਿ ਭਾਰਤ ਕੋਲ ਕੋਰੋਨਾ ਦੀ ਟੈਸਟਿੰਗ ਸਮਰੱਥਾ ਪ੍ਰਤੀ ਦਿਨ ਇਕ ਲੱਖ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਇਸ ਦਾ ਪੂਰਾ ਇਸਤੇਮਾਲ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਪ੍ਰਤੀ ਦਿਨ 1 ਲੱਖ ਟੈਸਟਿੰਗ ਹੋ ਸਕਦੀ ਹੈ ਤਾਂ ਹਰ ਦਿਨ ਸਿਰਫ 39 ਹਜ਼ਾਰ ਹੀ ਕਿਉਂ ਹੋ ਰਹੀ ਹੈ? ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਨੇ ਆਪਣੀ ਸਮਰੱਥਾ ਨੂੰ ਸੀਮਤ ਰੱਖਿਆ ਹੈ ਤਾਂ ਕੀ ਇਸ ਪਿੱਛੇ ਉਸ ਦੀ ਕੋਈ ਸੋਚੀ ਸਮਝੀ ਰਣਨੀਤੀ ਹੈ। ਤਿਵਾੜੀ ਨੇ ਕਿਹਾ ਕਿ ਜਦੋਂ ਸਾਡੇ ਕੋਲ ਟੈਸਟਿੰਗ ਸਮਰੱਥਾ ਹੈ ਤਾਂ ਸਰਕਾਰ ਇਸ ਦਾ 50 ਫੀਸਦੀ ਤੋਂ ਘੱਟ ਇਸਤੇਮਾਲ ਕਿਉਂ ਕਰ ਰਹੀ ਹੈ।
ਸਾਰਕਾਰ ਦੱਸੇ ਵੈਂਟੀਲੇਟਰ ਤੇ ਮਾਸਕ ਕਿੰਨੀ ਗਿਣਤੀ 'ਚ ਹਨ
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪਿਛਲੇ 36 ਦਿਨਾਂ 'ਚ ਲਾਕਡਾਊਨ ਦੌਰਾਨ ਉਸ ਨੇ ਕਿੰਨੀ ਟੈਸਟਿੰਗ ਸਮਰੱਥਾ ਵਧਾਈ ਹੈ। ਦੇਸ਼ 'ਚ ਇਸ ਸਮੇਂ ਟੈਸਟਿੰਗ ਸਾਧਨਾਂ ਦਾ ਉਤਪਾਦਨ ਕਿਹੜੇ ਪੱਧਰ ਤੱਕ ਵਧਿਆ ਹੈ। ਵੈਂਟੀਲੇਟਰ ਤੇ ਮਾਸਕ ਕਿੰਨੀ ਗਿਣਤੀ 'ਚ ਹਨ। ਇਸ ਬਾਰੇ ਸਰਕਾਰ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਬਰਾਂ ਆ ਰਹੀਆਂ ਹਨ ਕਿ ਦੇਸ਼ 'ਚ ਸਿਰਫ ਤਿੰਨ ਲੱਖ ਟੈਸਟਿੰਗ ਕਿੱਟਾਂ ਬਚੀਆਂ ਹੋਈਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਜੇਕਰ ਇਹ ਸਹੀ ਹੈ ਤਾਂ ਸਰਕਾਰ ਦੱਸੇ ਕਿ ਉਸ ਦੀ ਇਸ ਬਾਰੇ ਅੱਗੇ ਕੀ ਰਣਨੀਤੀ ਹੈ। ਕੀ ਉਹ ਇਸ ਵਜ੍ਹਾ ਨਾਲ ਟੈਸਟਿੰਗ ਸਮਰੱਥਾ ਦਾ ਪੂਰਾ ਇਸਤੇਮਾਲ ਨਹੀਂ ਕਰ ਰਹੀ ਹੈ। ਕੋਰੋਨਾ ਦੀ ਜਾਂਚ ਲਈ ਸਰਕਾਰ ਨੇ ਕਈ ਰਣਨੀਤੀ ਬਣਾਈ ਹੈ ਤੇ ਕੀ ਉਸ ਨੇ ਇਸ ਲਈ ਰੇਟ ਨਿਰਧਾਰਤ ਕੀਤੇ ਹਨ ਇਸ ਦੀ ਵੀ ਜਾਣਕਾਰੀ ਦੇਣੀ ਚਾਹੀਦੀ ਹੈ।