ਮਣੀਪੁਰ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ : ਸੁਪਰੀਮ ਕੋਰਟ
Wednesday, Aug 02, 2023 - 12:19 PM (IST)

ਨਵੀਂ ਦਿੱਲੀ (ਭਾਸ਼ਾ)- ਮਣੀਪੁਰ ਦੀ ਸਥਿਤੀ ਤੋਂ ਨਾਰਾਜ਼ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਟਿੱਪਣੀ ਕੀਤੀ ਕਿ ਉੱਥੇ ਕਾਨੂੰਨ-ਵਿਵਸਥਾ ਅਤੇ ਸੰਵਿਧਾਨਕ ਮਸ਼ੀਨਰੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਸੁਪਰੀਮ ਕੋਰਟ ਨੇ ਸੂਬਾ ਪੁਲਸ ਵੱਲੋਂ ਹਿੰਸਾ ਦੇ ਮਾਮਲਿਆਂ ਦੀ ਜਾਂਚ ਨੂੰ ‘ਸੁੱਸਤ’ ਅਤੇ ‘ਬਹੁਤ ਹੀ ਲੱਚਰ’ ਕਰਾਰ ਦਿੱਤਾ। ਮਣੀਪੁਰ ’ਚ ਬੇਲਗਾਮ ਨਸਲੀ ਹਿੰਸਾ ਨਾਲ ਨਜਿੱਠਣ ’ਚ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਤੌਰ-ਤਰੀਕੇ ਦੀ ਆਲੋਚਨਾ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਪੁਲਸ ਨੇ ਕਾਨੂੰਨ-ਵਿਵਸਥਾ ਤੋਂ ਕੰਟਰੋਲ ਗੁਆ ਲਿਆ। ਸੁਪਰੀਮ ਕੋਰਟ ਨੇ ਸੂਬੇ ਦੇ ਪੁਲਸ ਮਹਾਨਿਰਦੇਸ਼ਕ (ਡੀ. ਜੀ. ਪੀ.) ਨੂੰ ਹੁਕਮ ਦਿੱਤਾ ਕਿ ਸੋਮਵਾਰ ਨੂੰ ਜਦੋਂ ਉਹ ਮਣੀਪੁਰ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇ ਉਦੋਂ ਉਹ ਨਿੱਜੀ ਰੂਪ ’ਚ ਹਾਜ਼ਰ ਹੋਣ।
ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ 4 ਮਈ ਨੂੰ 2 ਔਰਤਾਂ ਨੂੰ ਨਗਨ ਕਰ ਕੇ ਘੁਮਾਉਣ ਵਾਲੀ ਵੀਡੀਓ ਨੂੰ ‘ਬਹੁਤ ਪਰੇਸ਼ਾਨ’ ਕਰਨ ਵਾਲਾ ਕਰਾਰ ਦਿੱਤਾ। ਇਸ ਦੇ ਨਾਲ ਹੀ ਬੈਂਚ ਨੇ ਸਰਕਾਰ ਨੂੰ ਘਟਨਾ, ਮਾਮਲੇ ’ਚ ‘ਜ਼ੀਰੋ ਐੱਫ. ਆਈ. ਆਰ.’ ਅਤੇ ਰੈਗੂਲਰ ਐੱਫ. ਆਈ. ਆਰ. ਦਰਜ ਕਰਨ ਦੀ ਤਰੀਕ ਦੱਸਣ ਲਈ ਕਿਹਾ। 4 ਮਈ ਦੀ ਇਹ ਵੀਡੀਓ ਪਿਛਲੇ ਮਹੀਨੇ ਸਾਹਮਣੇ ਆਈ ਸੀ। ਸੁਪਰੀਮ ਕੋਰਟ ਨੇ ਜਾਨਣਾ ਚਾਹਿਆ ਕਿ ਹੁਣ ਤੱਕ ਦਰਜ ਲਗਭਗ 6000 ਕੇਸਾਂ ’ਚ ਕਿੰਨੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕੀ ਕਦਮ ਚੁੱਕੇ ਗਏ। ਨਸਲੀ ਹਿੰਸਾ ਨਾਲ ਜੂਝ ਰਹੇ ਮਣੀਪੁਰ ’ਚ ਉਸ ਸਮੇਂ ਤਣਾਅ ਹੋਰ ਵਧ ਗਿਆ ਸੀ ਜਦੋਂ 4 ਮਈ ਦੀ ਉਹ ਵੀਡੀਓ ਸਾਹਮਣੇ ਆਈ, ਜਿਸ ’ਚ ਇਕ ਭਾਈਚਾਰੇ ਦੇ ਕੁਝ ਲੋਕਾਂ ਦੀ ਭੀੜ ਦੂਜੇ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਨਗਨ ਕਰ ਕੇ ਘੁਮਾਉਂਦੀ ਨਜ਼ਰ ਆਈ ਸੀ। ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਜ਼ੁਬਾਨੀ ਟਿੱਪਣੀ ਕੀਤੀ,‘‘ਇਕ ਚੀਜ਼ ਬਹੁਤ ਸਪੱਸ਼ਟ ਹੈ ਕਿ ਵੀਡੀਓ ਮਾਮਲੇ ’ਚ ਐੱਫ ਆਈ. ਆਰ. ਦਰਜ ਕਰਨ ’ਚ ਕਾਫ਼ੀ ਦੇਰੀ ਹੋਈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8