ਮਹਾਰਾਸ਼ਟਰ ਦੇ ਹਿੰਗੋਲੀ ਰੇਲਵੇ ਸਟੇਸ਼ਨ ’ਚ ਯਾਤਰੀਆਂ ਦਾ ਹੰਗਾਮਾ, ਟਰੇਨ ਰੋਕੀ
Friday, Oct 23, 2026 - 09:20 AM (IST)
ਹਿੰਗੋਲੀ - ਮਹਾਰਾਸ਼ਟਰ ਦੇ ਹਿੰਗੋਲੀ ਰੇਲਵੇ ਸਟੇਸ਼ਨ ’ਚ ਵੀਰਵਾਰ ਨੂੰ ਯਾਤਰੀਆਂ ਨੇ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੇ ਜਵਾਨਾਂ ’ਤੇ ਇਕ ਨਾਬਾਲਗ ਲੜਕੇ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਨਾਲ ਯਾਤਰਾ ਕਰ ਰਹੀਆਂ ਔਰਤਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਾਉਂਦੇ ਹੋਏ ਪ੍ਰਦਰਸ਼ਨ ਕੀਤਾ ਅਤੇ ਜੋਧਪੁਰ-ਹੈਦਰਾਬਾਦ ਟਰੇਨ 2 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰੋਕੀ। ਹਾਲਾਂਕਿ, ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੇ ਇਕ ਅਧਿਕਾਰੀ ਨੇ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਜਾਣਕਾਰੀ ਅਨੁਸਾਰ, ਡਾ. ਬੀ. ਆਰ. ਅੰਬੇਡਕਰ ਦੇ ਕੁਝ ਪੈਰੋਕਾਰ ਦੁਸਹਿਰਾ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਬਾਅਦ ਨਾਗਪੁਰ ਤੋਂ ਪਰਤ ਰਹੇ ਸਨ। ਉਹ ਅਕੋਲਾ ਤੋਂ ਨਾਂਦੇੜ ਜਾਣ ਲਈ ਟਰੇਨ ’ਚ ਸਵਾਰ ਹੋਏ ਸਨ, ਪਰ ਉਨ੍ਹਾਂ ਦੇ ਨਾਲ ਮੌਜੂਦ ਇਕ ਨਾਬਾਲਗ ਲੜਕਾ ਕਥਿਤ ਤੌਰ ’ਤੇ ਗਲਤੀ ਨਾਲ ਰਿਜ਼ਰਵ ਡੱਬੇ ’ਚ ਚਲਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕੁਝ ਯਾਤਰੀਆਂ ਅਤੇ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੇ ਜਵਾਨਾਂ ਨੇ ਲੜਕੇ ਨਾਲ ਕੁੱਟਮਾਰ ਕੀਤੀ। ਜਦੋਂ ਸਮੂਹ ਦੇ ਨਾਲ ਯਾਤਰਾ ਕਰ ਰਹੀਆਂ ਔਰਤਾਂ ਨੇ ਬਚਾਅ ਦੀ ਕੋਸ਼ਿਸ਼ ਕੀਤੀ, ਤਾਂ ਕਥਿਤ ਤੌਰ ’ਤੇ ਉਨ੍ਹਾਂ ਨੂੰ ਧੱਕਾ ਦਿੱਤਾ ਗਿਆ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਸਮੂਹ ਦੇ ਹੋਰ ਮੈਂਬਰਾਂ ਨਾਲ ਵੀ ਕੁੱਟਮਾਰ ਕੀਤੀ ਗਈ।
ਟਰੇਨ ਦੇ ਹਿੰਗੋਲੀ ਸਟੇਸ਼ਨ ਪਹੁੰਚਣ ’ਤੇ ਗੁੱਸੇ ’ਚ ਆਏ ਯਾਤਰੀ ਹੇਠਾਂ ਉੱਤਰ ਗਏ ਅਤੇ ਇੰਜਣ ਦੇ ਸਾਹਮਣੇ ਰੇਲਵੇ ਪਟੜੀ ’ਤੇ ਬੈਠ ਗਏ ਜਿਸ ਨਾਲ ਟਰੇਨ ਅੱਗੇ ਨਹੀਂ ਵਧ ਸਕੀ। ਇਸ ਤੋਂ ਬਾਅਦ ਹਿੰਗੋਲੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸ਼ਿਕਾਇਤ ਦੀ ਜਾਂਚ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਯਾਤਰੀਆਂ ਨੇ ਪ੍ਰਦਰਸ਼ਨ ਖਤਮ ਕੀਤਾ।
