ਦੇਸ਼ਭਰ ''ਚ ਕਾਮਨ ਸਰਵਿਸ ਸੈਂਟਰਾਂ ''ਤੇ ਕੱਲ ਤੋਂ ਬੁਕਿੰਗ ਹੋਵੇਗੀ ਸ਼ੁਰੂ, ਚੱਲਣਗੀਆਂ ਹੋਰ ਟਰੇਨਾਂ : ਰੇਲ ਮੰਤਰੀ
Thursday, May 21, 2020 - 02:54 PM (IST)
ਨਵੀਂ ਦਿੱਲੀ (ਭਾਸ਼ਾ) : ਰੇਲ ਮੰਤਰੀ ਪੀਊਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਭਰ ਦੇ ਕਰੀਬ 1.7 ਲੱਖ 'ਕਾਮਨ ਸਰਵਿਸ ਸੇਂਟਰਾਂ' 'ਤੇ ਟਰੇਨ ਟਿੱਕਟਾਂ ਦੀ ਬੁਕਿੰਗ ਸ਼ੁੱਕਰਵਾਰ ਤੋਂ ਬਹਾਲ ਹੋਵੇਗੀ । 'ਕਾਮਨ ਸਰਵਿਸ ਸੇਂਟਰ' ਪੇਂਡੂ ਅਤੇ ਦੂਰ-ਦੁਰਾਡੇ ਸਥਾਨਾਂ 'ਤੇ ਸਰਕਾਰ ਦੀਆਂ ਈ-ਸੇਵਾਵਾਂ ਨੂੰ ਉਪਲੱਬਧ ਕਰਾਉਣ ਵਾਲੇ ਕੇਂਦਰ ਹਨ। ਇਹ ਸੇਂਟਰ ਉਨ੍ਹਾਂ ਸਥਾਨਾਂ 'ਤੇ ਹੁੰਦੇ ਹਨ, ਜਿੱਥੇ ਕੰਪਿਊਟਰ ਅਤੇ ਇੰਟਰਨੈਟ ਦੀ ਉਪਲੱਬਧਤਾ ਬਹੁਤ ਘੱਟ ਹੈ ਜਾਂ ਨਹੀਂ ਹੈ।
ਮੰਤਰੀ ਨੇ ਇਹ ਵੀ ਕਿਹਾ ਕਿ ਅਗਲੇ 2 ਤੋਂ 3 ਦਿਨਾਂ ਵਿਚ ਕੁੱਝ ਸਟੇਸ਼ਨਾਂ ਵਿਚ ਕਾਉਂਟਰਾਂ 'ਤੇ ਵੀ ਬੁਕਿੰਗ ਸ਼ੁਰੂ ਹੋਵੇਗੀ । ਗੋਇਲ ਨੇ ਆਪਣੀ ਪਾਰਟੀ ਦੇ ਸਹਿਯੋਗੀ ਅਤੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਸਟੇਸ਼ਨਾਂ ਦੀ ਪਛਾਣ ਕਰਨ ਦਾ ਪ੍ਰੋਟੋਕਾਲ ਬਣਾ ਰਹੇ ਹਾਂ। ਅਸੀਂ ਹੋਰ ਟਰੇਨਾਂ ਨੂੰ ਚਲਾਉਣ ਦਾ ਜਲਦ ਹੀ ਐਲਾਨ ਕਰਾਂਗੇ।' ਰੇਲ ਮੰਤਰੀ ਨੇ ਮਜ਼ਦੂਰ ਸਪੈਸ਼ਲ ਟਰੇਨਾਂ ਨੂੰ ਚਲਾਉਣ ਵਿਚ ਰੇਲਵੇ ਦਾ ਸਹਿਯੋਗ ਕਰਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਦੀ ਵੀ ਸ਼ਲਾਘਾ ਕੀਤੀ ਅਤੇ ਸਹਿਯੋਗ ਨਹੀਂ ਕਰਨ ਲਈ ਪੱਛਮੀ ਬੰਗਾਲ ਅਤੇ ਝਾਰਖੰਡ ਦੀ ਆਲੋਚਨਾ ਕੀਤੀ। ਗੋਇਲ ਨੇ ਇਹ ਵੀ ਕਿਹਾ ਕਿ 1 ਜੂਨ ਤੋਂ ਚਲਣ ਵਾਲੀਆਂ ਖਾਸ ਟਰੇਨਾਂ ਲਈ ਬੁਕਿੰਗ ਖੋਲ੍ਹਣ ਦੇ ਢਾਈ ਘੰਟੇ ਦੇ ਅੰਦਰ ਹੀ 4 ਲੱਖ ਮੁਸਾਫਰਾਂ ਨੇ ਟਿਕਟਾਂ ਬੁੱਕ ਕਰਾ ਲਈਆਂ ਹਨ।