''ਰਿਟਾਇਰ'' ਹੋ ਗਿਆ 12,000 ਤਨਖਾਹ ਲੈਣ ਵਾਲਾ ਲੰਗੂਰ ! ਜੰਗਲਾਤ ਵਿਭਾਗ ਨੇ ਕਰਵਾਇਆ ਆਜ਼ਾਦ
Saturday, Apr 25, 2026 - 12:26 PM (IST)
ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਕਾਲਜ ਕੰਪਲੈਕਸ 'ਚ 'ਗੋਲੂ' ਨਾਂ ਦੇ ਲੰਗੂਰ ਨੂੰ ਨੌਕਰੀ 'ਤੇ ਰੱਖਿਆ ਗਿਆ ਸੀ ਤਾਂ ਕਿ ਉਸ ਦੀ ਮੌਜੂਦਗੀ 'ਚ ਬਾਂਦਰ ਦੂਰ ਰਹਿਣ। ਇਸ ਦੇ ਬਦਲੇ ਲੰਗੂਰ ਦੇ ਮਾਲਕ ਨੂੰ ਹਰ ਮਹੀਨੇ 12 ਹਜ਼ਾਰ ਰੁਪਏ ਦਿੱਤੇ ਜਾ ਰਹੇ ਸਨ। ਸੋਸ਼ਲ ਮੀਡੀਆ 'ਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਵਿਵਸਥਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਮਾਮਲਾ ਉਦੋਂ ਚਰਚਾ 'ਚ ਆਇਆ ਜਦੋਂ ਕਿਸੇ ਨੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਵੀਡੀਓ 'ਚ ਲੰਗੂਰ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਦਿਖਾਇਆ ਗਿਆ। ਇਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਤੁਰੰਤ ਨੋਟਿਸ ਲਿਆ ਅਤੇ ਟੀਮ ਨੂੰ ਕਾਲਜ ਭੇਜਿਆ। ਜਾਂਚ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਜੰਗਲੀ ਜੀਵ ਨੂੰ ਇਸ ਤਰ੍ਹਾਂ ਬੰਨ੍ਹ ਕੇ ਰੱਖਣਾ ਨਿਯਮਾਂ ਦੇ ਖ਼ਿਲਾਫ਼ ਹੈ। ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲੰਗੂਰ ਨੂੰ ਰੱਸੀ ਤੋਂ ਆਜ਼ਾਦ ਕਰਵਾਇਆ। ਅਧਿਕਾਰੀਆਂ ਨੇ ਕਾਲਜ ਪ੍ਰਬੰਧਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੰਗਲੀ ਜੀਵਾਂ ਦਾ ਇਸ ਤਰ੍ਹਾਂ ਉਪਯੋਗ ਕਰਨਾ ਉੱਚਿਤ ਨਹੀਂ ਹੈ। ਨਾਲ ਹੀ ਜਾਨਵਰਾਂ ਦੇ ਪ੍ਰਤੀ ਬੇਰਹਿਮੀ ਕਰਨ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਕਾਲਜ 'ਚ ਬਾਂਦਰਾਂ ਦਾ ਡਰ ਇਸ ਕਦਰ ਵਧ ਗਿਆ ਸੀ ਕਿ ਵਿਦਿਆਰਥੀ ਇਕੱਲੇ ਆਉਣ-ਜਾਣ ਤੋਂ ਬਚਦੇ ਸਨ। ਕਈ ਵਾਰ ਬਾਂਦਰ ਕਲਾਸਰੂਮ ਦੇ ਬਾਹਰ ਬੈਠ ਜਾਂਦੇ ਸਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਖੋਹ ਲੈਂਦੇ ਸਨ। ਸਟਾਫ਼ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਸੀ। ਅਜਿਹੇ 'ਚ ਪ੍ਰਸ਼ਾਸਨ ਨੇ ਸੋਚਿਆ ਕਿ ਕੁਦਰਤੀ ਤਰੀਕੇ ਨਾਲ ਬਾਂਦਰਾਂ ਨੂੰ ਦੂਰ ਰੱਖਣ ਲਈ ਲੰਗੂਰ ਦੀ ਮਦਦ ਲਈ ਜਾਵੇ। ਗੋਲੂ ਰੋਜ਼ ਤੈਅ ਸਮੇਂ 'ਤੇ ਕਾਲਜ ਲਿਆਂਦਾ ਜਾਂਦਾ ਸੀ। ਸਵੇਰ ਤੋਂ ਸ਼ਾਮ ਤੱਕ ਇਹ ਕੰਪਲੈਕਸ 'ਚ ਰਹਿੰਦਾ ਅਤੇ ਉਸ ਦੀ ਮੌਜੂਦਗੀ ਭਰ ਨਾਲ ਬਾਂਦਰਾਂ ਦੇ ਝੁੰਡ ਉੱਥੋਂ ਹਟ ਜਾਂਦੇ ਸਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਗੋਲੂ ਆਇਆ, ਕੈਂਪਸ ਦਾ ਮਾਹੌਲ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਲੱਗਣ ਲੱਗਾ। ਕਈ ਵਿਦਿਆਰਥਈ ਉਸ ਨੂੰ ਦੇਖਣ ਤੇ ਉਸ ਨਾਲ ਫੋਟੋ ਲੈਣ ਵੀ ਪਹੁੰਚਦੇ ਸਨ। ਉੱਥੇ ਹੀ ਦੂਜੇ ਪਾਸੇ ਪਸ਼ੂ ਸੁਰੱਖਿਆ ਅਤੇ ਕਾਨੂੰਨੀ ਨਿਯਮਾਂ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਹੁਣ ਪ੍ਰਸ਼ਾਸਨ ਨੂੰ ਬਾਂਦਰਾਂ ਦੀ ਸਮੱਸਿਆ ਦਾ ਕੋਈ ਨਵਾਂ ਅਤੇ ਜਾਇਜ਼ ਹੱਲ ਲੱਭਣਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
