ਸੀਤ ਲਹਿਰ ਜਾਰੀ, ਸਵੇਰੇ-ਸ਼ਾਮ ਠਾਰ ਦੇਣ ਵਾਲੀ ਠੰਡ, ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
Wednesday, Dec 18, 2024 - 12:26 PM (IST)
ਹਰਿਆਣਾ- ਉੱਤਰ ਭਾਰਤ ਵਿਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ। ਪਿਛਲੇ 10 ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ। ਹਰਿਆਣਾ ਵਿਚ ਵੀ ਠੰਡ ਵੱਧਦੀ ਜਾ ਰਹੀ ਹੈ। ਸੋਮਵਾਰ ਰਾਤ ਨੂੰ ਹਿਸਾਰ ਦੇਸ਼ ਦੇ ਮੈਦਾਨੀ ਇਲਾਕਿਆਂ ਵਿਚ ਸਭ ਤੋਂ ਠੰਡਾ ਰਿਹਾ। ਇੱਥੋਂ ਦਾ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 10 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਝੱਜਰ, ਰੋਹਤਕ, ਜੀਂਦ, ਕਰਨਾਲ, ਭਿਵਾਨੀ, ਫਤਿਹਾਬਾਦ, ਕੈਥਲ, ਸਿਰਸਾ ਅਤੇ ਕੁਰੂਕਸ਼ੇਤਰ ਸ਼ਾਮਲ ਹੈ। ਉੱਥੇ ਹੀ ਰੋਹਤਕ ਜ਼ਿਲ੍ਹੇ ਵਿਚ ਦਿਨ ਦੇ ਸਮੇਂ ਸਭ ਤੋਂ ਜ਼ਿਆਦਾ ਠੰਡ ਪੈ ਰਹੀ ਹੈ।
20 ਦਸੰਬਰ ਤੱਕ ਸੀਤ ਲਹਿਰ ਦਾ ਅਲਰਟ
ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰੇਂਦਰ ਪਾਲ ਮੁਤਾਬਕ ਹਰਿਆਣਾ ਵਿਚ ਅੱਗੇ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। 20 ਦਸੰਬਰ ਤੱਕ ਸੀਤ ਲਹਿਰ ਦਾ ਅਲਰਟ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਹੇਗਾ। ਪੱਛਮੀ ਗੜਬੜੀ ਕਾਰਨ ਠੰਡੀਆਂ ਹਵਾਵਾਂ ਚੱਲਣਗੀਆਂ, ਧੁੰਦ ਛਾਈ ਰਹੇਗੀ। ਪਹਾੜਾਂ 'ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਹਰਿਆਣਾ 'ਚ ਵੀ ਵੇਖਣ ਨੂੰ ਮਿਲੇਗਾ।