3.3 ਕਰੋੜ ਰੁਪਏ ਦੀ ਕੋਕੀਨ ਜ਼ਬਤ, 2 ਨਾਈਜ਼ੀਰੀਅਨ ਨਾਗਰਿਕ ਤੇ ਟੈਕਸੀ ਡਰਾਈਵਰ ਗ੍ਰਿਫ਼ਤਾਰ
Friday, Oct 11, 2024 - 04:06 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 2 ਵਿਦੇਸ਼ੀ ਨਾਗਰਿਕਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 3.3 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ 2 ਨਾਈਜੀਰੀਅਨ ਨਾਗਰਿਕਾਂ ਕੋਲੋਂ 563 ਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਦੋਵੇਂ ਨਾਈਜੀਰੀਅਨ ਨਾਗਰਿਕਾਂ ਨੂੰ 27 ਸਤੰਬਰ ਨੂੰ ਟੈਕਸੀ ਡਰਾਈਵਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,"ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ, ਨਾਈਜੀਰੀਆ ਦੇ ਨਾਗਰਿਕ ਜੋਸ਼ੂਆ ਅਮਰਚੁਕਵਾ (30) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਡਰਾਈਵਰ ਜਾਂ ਸਹਿਯੋਗੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਪਛਾਣ 24 ਸਾਲ ਦੇ ਵਿਨੀਤ ਵਜੋਂ ਹੋਈ ਹੈ।"
ਪੁਲਸ ਮੁਤਾਬਕ ਅਮਰਚੁਕਵਾ ਤੋਂ 257 ਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਹੈ। ਪੁੱਛ-ਗਿੱਛ ਦੌਰਾਨ ਅਮਰਚੁਕਵਾ ਨੇ ਖੁਲਾਸਾ ਕੀਤਾ ਕਿ ਇਕ ਹੋਰ ਨਾਈਜੀਰੀਅਨ ਨਾਗਰਿਕ ਮਾਈਕ ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ ਅਤੇ ਦਿੱਲੀ-ਐੱਨਸੀਆਰ ਵਿਚ ਕੋਕੀਨ ਵੇਚਦਾ ਸੀ। ਪੁਲਸ ਨੇ ਦੱਸਿਆ ਕਿ ਵਿਨੀਤ ਅਮਰਚੁਕਵਾ ਦਾ ਹਰ ਸੌਦੇ 'ਚ ਸਾਥ ਦਿੰਦਾ ਸੀ ਅਤੇ ਆਪਣੀ ਟੈਕਸੀ 'ਚ ਆਵਾਜਾਈ ਦੀ ਸਹੂਲਤ ਦੇ ਕੇ ਉਸ ਦੀ ਮਦਦ ਕਰਦਾ ਸੀ। ਅਧਿਕਾਰੀ ਨੇ ਕਿਹਾ,"ਜੋਸ਼ੂਆ ਦੀ ਨਿਸ਼ਾਨਦੇਹੀ 'ਤੇ, ਇਕ ਹੋਰ ਦੋਸ਼ੀ ਕੋਨ ਐਨ ਗੋਲੋ ਸੈਦੋਊ ਉਰਫ ਮਾਈਕ (27) ਨੂੰ ਸੋਹਨਾ, ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 306 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ।'' ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਬਰਾਮਦ ਕੋਕੀਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 3.3 ਕਰੋੜ ਰੁਪਏ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8