CM ਯੋਗੀ ਨੇ ਅਯੁੱਧਿਆ ’ਚ ਰੱਖੀ ਰਾਮ ਮੰਦਰ ਦੇ ਗਰਭ ਗ੍ਰਹਿ ਦੀ ਨੀਂਹ, ਕਿਹਾ- ਇਹ ਦੇਸ਼ ਦਾ ਰਾਸ਼ਟਰ ਮੰਦਰ
Wednesday, Jun 01, 2022 - 12:35 PM (IST)
ਅਯੁੱਧਿਆ– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਮ ਮੰਦਰ ਦੇ ਗਰਭ ਗ੍ਰਹਿ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਿਰਮਾਣ ਅਧੀਨ ਰਾਮ ਮੰਦਰ ਦੇ ਗਰਭ ਗ੍ਰਹਿ ਦੀ ਪੂਜਾ ਕੀਤੀ। ਮੁੱਖ ਮੰਤਰੀ ਨੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਰਾਮ ਮੰਦਰ ਟਰੱਸਟ ਦੇ ਮੈਂਬਰਾਂ ਦੀ ਮੌਜੂਦਗੀ ’ਚ ਮੰਤਰ ਉੱਚਾਰਨ ਮਗਰੋਂ ਨੀਂਹ ਪੱਥਰ ਰੱਖਿਆ ਗਿਆ। ਯੋਗੀ ਨੇ ਕਿਹਾ ਕਿ ਇਹ ਮੰਦਰ ਰਾਸ਼ਟਰ ਮੰਦਰ ਅਤੇ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੋਵੇਗਾ। ਇਸ ਦਾ ਕੰਮ ਪੂਰੀ ਗਤੀ ਨਾਲ ਅੱਗੇ ਵਧੇਗਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਭਗਤਾਂ ਦੀ 500 ਸਾਲਾਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ ਅਤੇ ਹੁਣ ਇੱਥੇ ਮੰਦਰ ਹੋਵੇਗਾ।
ਓਧਰ ਉੱਪ ਮੁੱਖ ਮੰਤਰੀ ਮੌਰਿਆ ਨੇ ਕਿਹਾ ਕਿ ਰਾਮ ਮੰਦਰ ਨਿਰਮਾਣ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ ਅਤੇ ਦੂਜਾ ਪੜਾਅ ਗਰਭ ਗ੍ਰਹਿ ਦੇ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਰਾਮ ਜਨਮਭੂਮੀ ਮੰਦਰ ਦਾ ਨਿਰਮਾਣ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਨਿਰਮਾਣ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਮੌਰਿਆ ਨੇ ਇਹ ਵੀ ਕਿਹਾ ਕਿ ਅੱਜ ਰਾਮ ਭਗਤਾਂ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ। ਮੈਂ ਕਿਸਮਤ ਵਾਲਾ ਹਾਂ ਕਿ ਮੈਂ ਇਸ ਮੰਦਰ ਦੇ ਨਿਰਮਾਣ ਦਾ ਗਵਾਹ ਬਣ ਰਿਹਾ ਹਾਂ। ਮੈਨੂੰ ਰਾਮ ਮੰਦਰ ਅੰਦੋਲਨ ਦਾ ਸਿਪਾਹੀ ਬਣਨ ਦਾ ਵੀ ਮੌਕਾ ਮਿਲਿਆ ਅਤੇ ਹੁਣ ਰਾਮ ਮੰਦਰ ਨਿਰਮਾਣ ਵੇਖ ਕੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਵਿੱਤਰ ਗਰਭ ਗ੍ਰਹਿ ਦੇ ਨਿਰਮਾਣ ਨੂੰ ਲੈ ਕੇ ਵੱਡੀ ਗਿਣਤੀ ’ਚ ਭਗਤਾਂ ਵਿਚਾਲੇ ਉਤਸ਼ਾਹ ਵੇਖਿਆ ਗਿਆ। ਗਰਭ ਗ੍ਰਹਿ ਦਾ ਨਿਰਮਾਣ ਕੰਮ ਬੁੱਧਵਾਰ ਤੋਂ ਸ਼ੁਰੂ ਹੋਣ ਦਰਮਿਆਨ ਇੱਥੇ ਉਤਸਵ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਤਰ੍ਹਾਂ ਦਾ ਉਤਸ਼ਾਹ ਅਯੁੱਧਿਆ ਦੇ ਹੋਰ ਮੱਠਾਂ ਅਤੇ ਮੰਦਰਾਂ ’ਚ ਵੀ ਵਿਖਾਈ ਦਿੱਤਾ ਅਤੇ ਅਯੁੱਧਿਆ ਨਗਰ ਦੇ ਦੁਆਰ ਤੋਂ ਲੈ ਕੇ ਨਗਰ ਦੇ ਅੰਦਰ ਮੰਦਰਾਂ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਦੀਵਿਆਂ ਨਾਲ ਸਜਾਇਆ ਗਿਆ।