26 ਜਨਵਰੀ ਨੂੰ ਗੋਲੀ ਮਾਰ ਦੇਵਾਂਗਾ....CM ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Thursday, Dec 19, 2024 - 12:49 PM (IST)

ਬਰੇਲੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਕਿਹਾ ਕਿ ਉਹ 26 ਜਨਵਰੀ ਨੂੰ ਲਖਨਊ ਆ ਕੇ ਮੁੱਖ ਮੰਤਰੀ ਨੂੰ ਗੋਲੀ ਮਾਰ ਦੇਵੇਗਾ। ਦੋਸ਼ੀ ਨੇ ਐਮਰਜੈਂਸੀ ਸੇਵਾ ਡਾਇਲ 112 'ਤੇ ਕਾਲ ਕਰ ਦਾਅਵਾ ਕੀਤਾ ਕਿ ਉਹ 26 ਜਨਵਰੀ ਨੂੰ ਮੁੱਖ ਮੰਤਰੀ ਨੂੰ ਗੋਲੀ ਮਾਰ ਦੇਵੇਗਾ। ਪੁਲਸ ਮੁਤਾਬਕ ਦੋਸ਼ੀ ਅਨਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਇੱਜ਼ਤਨਗਰ ਥਾਣੇ ਦੇ ਮੁਖੀ ਅਤੇ ਹੋਰ ਅਧਿਕਾਰੀਆਂ ਨੂੰ ਵੀ ਧਮਕੀ ਦਿੱਤੀ। 

ਇਸ ਤੋਂ ਬਾਅਦ ਪੁਲਸ ਅਤੇ ਏ. ਟੀ. ਐੱਸ. ਹਰਕਤ ਵਿਚ ਆ ਗਏ। SHO ਧਨੰਜੈ ਪਾਂਡੇ ਨੇ ਕਿਹਾ ਕਿ ਮੰਗਲਵਾਰ ਰਾਤ ਧਮਕੀ ਮਿਲਣ ਮਗਰੋਂ ਪੁਲਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਦੋਸ਼ੀ ਦਾ ਫੋਨ ਬੰਦ ਸੀ। ਰਾਤ ਭਰ ਦੀ ਸਖ਼ਤ ਮੁਸ਼ੱਕਤ ਮਗਰੋਂ ਬੁੱਧਵਾਰ ਨੂੰ ਅਨਿਲ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ FIR ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਧਮਕੀ ਕਾਰਨ ਇਲਾਕੇ ਵਿਚ ਤਣਾਅ ਵਧ ਗਿਆ ਹੈ ਅਤੇ ਫਿਰਕੂ ਅਸ਼ਾਂਤੀ ਦਾ ਖ਼ਦਸ਼ਾ ਪੈਦਾ ਕਰ ਦਿੱਤੀ। ਪਾਂਡੇ ਨੇ ਕਿਹਾ ਕਿ ਤਣਾਅ ਵੱਧਣ ਤੋਂ ਰੋਕਣ ਅਤੇ ਸ਼ਾਂਤੀ ਬਣਾ ਕੇ ਰੱਖਣ ਲਈ ਤੁਰੰਤ ਕਾਰਵਾਈ ਕੀਤੀ ਗਈ। ਅਸੀਂ ਦੋਸ਼ੀ ਦੀ ਮੰਸ਼ਾ ਅਤੇ ਮਾਨਸਿਕ ਸਥਿਤੀ ਦੀ ਵੀ ਜਾਂਚ ਕਰ ਰਹੇ ਹਾਂ। 

ਪੁਲਸ ਅਨੁਸਾਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਨਿਲ ਨੇ ਮੰਗਲਵਾਰ ਸ਼ਾਮ ਸਥਾਨਕ ਪੀ. ਆਰ. ਵੀ ਟੀਮ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਦੋਸਤ ਨੇ ਉਸ ਦਾ ਮੋਟਰਸਾਈਕਲ ਉਧਾਰ ਲਿਆ ਸੀ ਅਤੇ ਵਾਪਸ ਨਹੀਂ ਕੀਤਾ। ਹਾਲਾਂਕਿ ਜਦੋਂ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਪੁਲਸ ਮੁਲਾਜ਼ਮ ਦਾ ਬਦਤਮੀਜ਼ੀ ਕੀਤੀ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫੋਨ ਕੱਟ ਦਿੱਤਾ। ਪੁਲਸ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਅਨਿਲ ਨੇ 112 'ਤੇ ਇਕ ਹੋਰ ਕਾਲ ਕੀਤੀ ਅਤੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।


Tanu

Content Editor

Related News