ਮਹਿਲਾ ਡਾਕਟਰ ਨਾਲ ਰੇਪ ਮਾਮਲੇ 'ਤੇ ਮਮਤਾ ਦਾ ਵੱਡਾ ਬਿਆਨ, ਕਿਹਾ- ਨਿਆਂ ਲਈ ਮੈਂ ਅਸਤੀਫਾ ਦੇਣ ਲਈ ਵੀ ਤਿਆਰ

Thursday, Sep 12, 2024 - 08:53 PM (IST)

ਮਹਿਲਾ ਡਾਕਟਰ ਨਾਲ ਰੇਪ ਮਾਮਲੇ 'ਤੇ ਮਮਤਾ ਦਾ ਵੱਡਾ ਬਿਆਨ, ਕਿਹਾ- ਨਿਆਂ ਲਈ ਮੈਂ ਅਸਤੀਫਾ ਦੇਣ ਲਈ ਵੀ ਤਿਆਰ

ਕੋਲਕਾਤਾ- ਪੱਛਮੀ ਬੰਗਾਲ ਸਰਕਾਰ ਅਤੇ ਅੰਦੋਲਨਕਾਰੀ ਡਾਕਟਰਾਂ ਵਿਚਾਲੇ ਵੀਰਵਾਰ ਨੂੰ ਵੀ ਮੀਟਿੰਗ ਨਹੀਂ ਹੋ ਸਕੀ। ਸਰਕਾਰ ਨੇ ਡਾਕਟਰਾਂ ਨੂੰ ਤੀਜੀ ਵਾਰ ਗੱਲਬਾਤ ਲਈ ਬੁਲਾਇਆ ਸੀ। ਸੀ.ਐੱਮ. ਮਮਤਾ ਬੈਨਰਜੀ ਨੇ ਵੀ ਗੱਲਬਾਤ ਲਈ ਨਬੰਨਾ ਦੇ ਕਾਨਫਰੰਸ ਹਾਲ ਵਿੱਚ ਡਾਕਟਰਾਂ ਦਾ 2 ਘੰਟੇ ਤੱਕ ਇੰਤਜ਼ਾਰ ਕੀਤਾ ਪਰ ਡਾਕਟਰਾਂ ਦਾ ਵਫ਼ਦ ਮੀਟਿੰਗ ਦੀ ਲਾਈਵ ਸਟ੍ਰੀਮਿੰਗ 'ਤੇ ਅੜਿਆ ਰਿਹਾ ਅਤੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ। ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਇਨਸਾਫ਼ ਲਈ ਆਪਣੀ ਕੁਰਸੀ ਛੱਡਣ ਲਈ ਵੀ ਤਿਆਰ ਹੈ।

ਦਰਅਸਲ, ਵੀਰਵਾਰ ਨੂੰ ਮਮਤਾ ਸਰਕਾਰ ਨੇ ਚਿੱਠੀ ਲਿਖ ਕੇ ਡਾਕਟਰਾਂ ਨੂੰ ਸ਼ਾਮ 5 ਵਜੇ ਗੱਲਬਾਤ ਲਈ ਬੁਲਾਇਆ ਸੀ। ਆਪਣੀ ਚਿੱਠੀ ਵਿੱਚ ਸਰਕਾਰ ਨੇ ਮੀਟਿੰਗ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਲਈ ਡਾਕਟਰਾਂ ਦੀ ਮੰਗ ਨੂੰ ਸਵੀਕਾਰ ਕਰ ਲਿਆ ਸੀ ਪਰ ਮੀਟਿੰਗ ਨੂੰ ਲਾਈਵ ਸਟ੍ਰੀਮ ਕਰਨ ਦੀ ਉਨ੍ਹਾਂ ਦੀ ਸ਼ਰਤ ਨੂੰ ਰੱਦ ਕਰ ਦਿੱਤਾ ਅਤੇ 30 ਪ੍ਰਦਰਸ਼ਨਕਾਰੀ ਡਾਕਟਰਾਂ ਦੇ ਵਫ਼ਦ ਦੀ ਬਜਾਏ ਸਿਰਫ 15 ਨੂੰ ਇਜਾਜ਼ਤ ਦੇਣ ਦਾ ਫੈਸਲਾ ਕੀਤਾ।

ਡਾਕਟਰਾਂ ਨੇ ਗੱਲਬਾਤ ਦੀ ਤਜਵੀਜ਼ ਮੰਨ ਲਈ ਸੀ ਤੇ ਨਬਾਣਾ ਵੀ ਪਹੁੰਚੇ। ਮੁੱਖ ਸਕੱਤਰ ਅਨੁਸਾਰ ਮੀਟਿੰਗ ਲਈ 15 ਦੀ ਬਜਾਏ 32 ਮੈਂਬਰਾਂ ਦਾ ਵਫ਼ਦ ਪੁੱਜਿਆ ਸੀ, ਜਿਸ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਸੀ। ਨਾਲ ਹੀ ਮੀਟਿੰਗ ਰਿਕਾਰਡ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਪਰ ਡਾਕਟਰ ਲਾਈਵ ਸਟ੍ਰੀਮਿੰਗ 'ਤੇ ਅੜੇ ਰਹੇ ਅਤੇ ਕਾਨਫਰੰਸ ਹਾਲ ਦੇ ਅੰਦਰ ਨਹੀਂ ਗਏ। ਜਦੋਂ ਕਿ ਮਮਤਾ ਬੈਨਰਜੀ ਨੇ ਮੀਟਿੰਗ ਲਈ ਖਾਲੀ ਕੁਰਸੀਆਂ ਵਿਚਕਾਰ ਦੋ ਘੰਟੇ ਇਕੱਲੇ ਹੀ ਇੰਤਜ਼ਾਰ ਕੀਤਾ। ਇਸ ਤੋਂ ਬਾਅਦ ਉਹ ਚਲੀ ਗਈ।

ਗੱਲਬਾਤ ਨਾਲ ਹੀ ਹੱਲ ਨਿਕਲ ਸਕਦਾ ਹੈ : ਮਮਤਾ

ਡਾਕਟਰਾਂ ਦੇ ਮੀਟਿੰਗ 'ਚ ਨਾ ਪਹੁੰਚਣ 'ਤੇ ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੇ ਨਾਲ ਬੈਠਕ ਲਈ 2 ਘੰਟੇ ਤਕ ਇੰਤਜ਼ਾਰ ਕੀਤਾ। ਅਸੀਂ ਦੇਖਿਆ ਕਿ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਅਸੀਂ ਉਨ੍ਹਾਂ ਨੂੰ ਗੱਲਬਾਤ ਲਈ ਖੁੱਲ੍ਹੇ ਦਿਮਾਗ ਨਾਲ ਆਉਣ ਕਿਹਾ ਸੀ। ਗੱਲਬਾਤ ਹੋਣ 'ਤੇ ਹੀ ਹੱਲ ਨਿਕਲ ਸਕਦਾ ਹੈ।ਇਸਤੋਂ ਪਹਿਲਾਂ ਇਕ ਹੋਰ ਮੌਕੇ 'ਤੇ ਮੈਂ ਗੱਲਬਾਤ 'ਚ ਸ਼ਾਮਲ ਹੋਣ ਲਈ ਇੰਤਜ਼ਾਰ ਕੀਤਾ ਸੀ। ਕੋਈ ਗੱਲ ਨਹੀਂ, ਮੈਂ ਉਨ੍ਹਾਂ ਨੂੰ ਸਾਫ ਕਰਦੀ ਹਾਂ ਕਿਉਂਕਿ ਉਹ ਬਹੁਤ ਛੋਟੇ ਹਨ। ਸਾਡੇ ਕੋਲ ਬੈਠਕ ਨੂੰ ਰਿਕਾਰਡ ਕਰਨ ਦੀ ਪੂਰੀ ਵਿਵਸਥਾ ਸੀ। ਪ੍ਰਕਿਰਿਆਦੀ ਪਾਰਦਰਸ਼ਤਾ ਅਤੇ ਸਹੀ ਦਸਤਾਵੇਜ਼ਾਂ ਲਈ ਅਤੇ ਅਸੀਂ ਸੁਪਰੀਮ ਕੋਰਟ ਦੀ ਇਜਾਜ਼ਤ ਨਾਲ ਰਿਕਾਰਡਿੰਗ ਸਾਂਝੀ ਕਰਨ ਲਈ ਵੀ ਤਿਆਰ ਹਾਂ।

ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਕੁਰਸੀ ਛੱਡਣ ਲਈ ਤਿਆਰ ਹਾਂ ਪਰ ਉਹ ਇਨਸਾਫ਼ ਨਹੀਂ ਚਾਹੁੰਦੇ, ਸਿਰਫ਼ ਕੁਰਸੀ ਚਾਹੁੰਦੇ ਹਨ। ਮੈਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ, ਪੀੜਤਾ ਲਈ ਇਨਸਾਫ਼ ਚਾਹੀਦਾ ਹੈ।


author

Rakesh

Content Editor

Related News