ਮੁਰਸ਼ਿਦਾਬਾਦ ’ਚ ਬੋਲੀ ਮਮਤਾ, ਦੰਗੇ ਭੜਕਾਉਣ ਵਾਲੇ ਬੰਗਾਲ ਦੇ ਦੁਸ਼ਮਣ

Tuesday, May 06, 2025 - 12:19 AM (IST)

ਮੁਰਸ਼ਿਦਾਬਾਦ ’ਚ ਬੋਲੀ ਮਮਤਾ, ਦੰਗੇ ਭੜਕਾਉਣ ਵਾਲੇ ਬੰਗਾਲ ਦੇ ਦੁਸ਼ਮਣ

ਮੁਰਸ਼ਿਦਾਬਾਦ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਫਿਰਕੂ ਨਫ਼ਰਤ ਫੈਲਾਉਣ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ।

ਬੈਨਰਜੀ ਨੇ ਇਹ ਵੀ ਦੋਸ਼ ਲਗਾਇਆ ਕਿ ਮੁਰਸ਼ਿਦਾਬਾਦ ਵਿਚ ਹਾਲ ਹੀ ਦੀ ਹਿੰਸਾ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਭਾਜਪਾ ਵੱਲੋਂ ਉਨ੍ਹਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ।

ਬੈਨਰਜੀ ਨੇ ਕਿਹਾ ਕਿ ਕੁਝ ਬਾਹਰੀ ਲੋਕ ਅਤੇ ਕੁਝ ਧਾਰਮਿਕ ਆਗੂ ਭਾਈਚਾਰਿਆਂ ਵਿਚਾਲੇ ਹਿੰਸਾ ਅਤੇ ਦੁਸ਼ਮਣੀ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਲੋਕ ਦੰਗੇ ਭੜਕਾ ਰਹੇ ਹਨ, ਉਹ ਪੱਛਮੀ ਬੰਗਾਲ ਦੇ ਦੁਸ਼ਮਣ ਹਨ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.) ਦੀ ਤਿੱਖੀ ਆਲੋਚਨਾ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਮਿਸ਼ਨ ਦੇ ਮੈਂਬਰਾਂ ਦੇ ਮੁਰਸ਼ਿਦਾਬਾਦ ਦੇ ਦੌਰੇ ਦੇ ਮੱਦੇਨਜ਼ਰ ਉਸ ਦੀਆਂ ਤਰਜੀਹਾਂ ’ਤੇ ਸਵਾਲ ਉਠਾਏ।

ਮਮਤਾ ਨੇ ਦੋਸ਼ ਲਗਾਇਆ ਕਿ ਕੀ ਐੱਨ. ਐੱਚ. ਆਰ. ਸੀ. ਨੇ ਮਣੀਪੁਰ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕੀਤਾ? ਉਹ ਮੁਰਸ਼ਿਦਾਬਾਦ ਦਾ ਦੌਰਾ ਕਰਨ ਲਈ ਕਾਹਲੇ ਸਨ। ਜਿਵੇਂ 2016 ਵਿਚ ਨੋਟਬੰਦੀ ਦੇ ਐਲਾਨ ਤੋਂ ਇਕ ਦਿਨ ਬਾਅਦ ਆਨਲਾਈਨ ਭੁਗਤਾਨ ਪਲੇਟਫਾਰਮਾਂ ਨੇ ਅਖ਼ਬਾਰਾਂ ਵਿਚ ਪਹਿਲੇ ਪੰਨੇ ’ਤੇ ਇਸ਼ਤਿਹਾਰ ਦਿੱਤੇ ਸਨ, ਉਸੇ ਤਰ੍ਹਾਂ ਐੱਨ. ਐੱਚ. ਆਰ. ਸੀ. ਨੇ ਦੰਗੇ ਹੋਣ ਤੋਂ ਤੁਰੰਤ ਬਾਅਦ ਮੁਰਸ਼ਿਦਾਬਾਦ ਦਾ ਦੌਰਾ ਕੀਤਾ, ਇਸ ਲਈ ਮੈਂ ਕਹਿ ਰਹੀ ਹਾਂ ਕਿ ਇਹ ਪਹਿਲਾਂ ਤੋਂ ਯੋਜਨਾਬੱਧ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਮੈਂ ਜ਼ਿਆਦਾਤਰ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰ ਦਿੱਤਾ ਹੈ, ਮੈਂ ਮੀਡੀਆ ਦੇ ਸਾਹਮਣੇ ਇਸਨੂੰ ਬੇਨਕਾਬ ਕਰਾਂਗੀ, ਬਦਕਿਸਮਤੀ ਨਾਲ, ਕੁਝ ਮੀਡੀਆ ਹਾਊਸ ਬੇਬੁਨਿਆਦ ਅਫਵਾਹਾਂ ਫੈਲਾਉਣ ਵਿਚ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ।

ਮੁੱਖ ਮੰਤਰੀ ਨੇ ਕੇਂਦਰ ਨੂੰ ਆਪਣੀ ਚਿਤਾਵਨੀ ਦੁਹਰਾਉਂਦੇ ਹੋਏ ਕਿਹਾ ਕਿ ਫਿਰਕੂ ਹਿੰਸਾ ਭੜਕਾਉਣ ਦੀ ਬਜਾਇ, ਸਾਡੀਆਂ ਸਰਹੱਦਾਂ ਦੀ ਰੱਖਿਆ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।


author

Rakesh

Content Editor

Related News