ਸਕੂਟਰ ''ਤੇ ਯਾਤਰਾ ਕਰਨੀ ਪਸੰਦ ਕਰਦੇ ਸਨ ਸੀ.ਐਮ. ਮਨੋਹਰ ਪਾਰੀਕਰ

03/17/2019 8:59:35 PM

ਪਣਜੀ (ਏਜੰਸੀ)- ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ 63 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੀ ਰਿਹਾਇਸ਼ 'ਤੇ ਅੰਤਿਮ ਸਾਹ ਲਏ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਪਾਰੀਕਰ ਦਾ ਦਿੱਲੀ ਦੇ ਏਮਸ ਵਿਚ ਕਾਫੀ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਗੋਆ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਮਨੋਹਰ ਪਾਰੀਕਰ ਦੀ ਛਵੀ ਹਮੇਸ਼ਾ ਸਾਦਗੀ ਵਾਲੀ ਰਹੀ ਹੈ। ਮੀਡੀਆ ਵਿਚ ਮਨੋਹਰ ਪਾਰੀਕਰ ਨੂੰ ਅਕਸਰ ਸਕੂਟਰ 'ਤੇ ਯਾਤਰਾ ਕਰਨ ਵਾਲੇ ਨੇਤਾ ਵਜੋਂ ਪੇਸ ਕੀਤਾ ਜਾਂਦਾ ਰਿਹਾ।

PunjabKesari

ਪਾਰੀਕਰ ਪਣਜੀ ਵਿਚ ਸਥਾਨਕ ਬਜ਼ਾਰਾਂ ਤੋਂ ਖਰੀਦਦਾਰੀ ਲਈ ਸਕੂਟਰ ਦੀ ਵਰਤੋਂ ਕਰਦੇ ਸਨ। ਇਥੋਂ ਤੱਕ ਕਿ ਪਾਰੀਕਰ ਨੂੰ ਆਮ ਆਦਮੀ ਵਾਂਗ ਲਾਈਨ ਵਿਚ ਖੜੇ ਹੋਏ ਵੀ ਦੇਖਿਆ ਗਿਆ। ਇਕ ਵਾਰ ਮਨੋਹਰ ਪਾਰੀਕਰ ਪੁਣੇ ਵਿਚ ਇਕ ਵਿਆਹ ਸਮਾਗਮ ਵਿਚ ਲਾਈਨ ਵਿਚ ਖੜੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਸਕੂਟਰ ਦੀ ਸਵਾਰੀ ਕਰਦੇ ਹੋਏ ਉਨ੍ਹਾਂ ਦੀਆਂ ਕਈ ਤਸਵੀਰਾਂ ਵੀ ਵਾਇਰਲ ਹੋਈਆਂ ਸਨ।

PunjabKesari

ਆਪਣੀ ਸਾਦਗੀ ਲਈ ਮਸ਼ਹੂਰ ਮਨੋਹਰ ਪਾਰੀਕਰ ਮੋਦੀ ਸਰਕਾਰ ਵਿਚ ਰੱਖਿਆ ਮੰਤਰੀ ਵੀ ਸਨ। ਉਹ ਪਾਰੀਕਰ ਹੀ ਸਨ ਜਿਨ੍ਹਾਂ ਦੇ ਰੱਖਿਆ ਮੰਤਰੀ ਰਹਿੰਦੇ ਭਾਰਤ ਨੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਵਿਚ ਸਰਜੀਕਲ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਇਆ ਸੀ। ਮਨੋਹਰ ਪਾਰੀਕਰ 2000 ਤੋਂ 2005, 2012 ਤੋਂ 2014 ਅਤੇ 2017 ਤੋਂ ਅਕਤੂਬਰ 2018 ਤੱਕ ਗੋਆ ਦੇ ਮੁੱਖ ਮੰਤਰੀ ਸਨ। ਉਹ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਸਨ। ਪਰ 2017 ਵਿਚ ਗੋਆ ਦਾ ਸੀਐਮ ਬਣਨ ਤੋਂ ਬਾਅਦ ਉਨ੍ਹਾਂ ਨੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਮਨੋਹਰ ਪਾਰੀਕਰ ਨੇ ਸਾਲ 1988 ਵਿਚ ਰਾਜਨੀਤੀ ਵਿਚ ਕਦਮ ਰੱਖਿਆ ਸੀ ਅਤੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸਾਲ 1994 ਵਿਚ ਉਹ ਪਹਿਲੀ ਵਾਰ ਗੋਆ ਵਿਧਾਨ ਸਭਾ ਵਿਚ ਵਿਧਾਇਕ ਚੁਣੇ ਗਏ ਸਨ।

PunjabKesari

ਇਸ ਤੋਂ ਬਾਅਦ ਪਾਰੀਕਰ 1994 ਤੋਂ 2001 ਤੱਕ ਗੋਆ ਵਿਚ ਬੀ.ਜੇ.ਪੀ. ਦੇ ਜਨਰਲ ਸਕੱਤਰ ਅਤੇ ਬੁਲਾਰੇ ਸਨ। 13 ਸਤੰਬਰ 1955 ਨੂੰ ਉੱਤਰੀ ਗੋਆ ਦੇ ਮਾਪੁਸਾ ਵਿਚ ਜਨਮੇ ਮਨੋਹਰ ਪਾਰੀਕਰ ਦੀ ਸਕੂਲੀ ਸਿੱਖਿਆ ਗੋਆ ਵਿਚ ਹੀ ਮਾਰਗਾਓ ਤੋਂ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਆਈ.ਆਈ.ਟੀ. ਬਾਂਬੇ ਵਿਚ ਦਾਖਲਾ ਲਿਆ। ਸਾਲ 1978 ਵਿਚ ਉਨ੍ਹਾਂ ਨੇ ਆਈ.ਆਈ.ਟੀ. ਬਾਂਬੇ ਤੋਂ ਮੇਟਲਰਜੀਕਲ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ। ਮਨੋਹਰ ਪਾਰੀਕਰ ਦਾ ਸਾਲ 1981 ਵਿਚ ਮੇਧਾ ਪਾਰੀਕਰ ਨਾਲ ਵਿਆਹ ਹੋਇਆ ਸੀ। ਸਾਲ 2000 ਵਿਚ ਮਨੋਹਰ ਪਾਰੀਕਰ ਦੀ ਪਤਨੀ ਮੇਧਾ ਪਾਰੀਕਰ ਦੀ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਪਿਛਲੇ ਸਾਲ ਕੈਂਸਰ ਦਾ ਇਲਾਜ ਕਰਵਾਉਣ ਲਈ ਮਨੋਹਰ ਪਾਰੀਕਰ ਅਮਰੀਕਾ ਵੀ ਗਏ ਸਨ। ਅਮਰੀਕਾ ਤੋਂ ਇਲਾਜ ਕਰਵਾ ਕੇ ਉਹ 15 ਸਤੰਬਰ ਨੂੰ ਵਾਪਸ ਵਤਨ ਪਰਤੇ ਸਨ। ਉਹ ਪੈਂਕ੍ਰਿਆਟਿਕ ਕੈਂਸਰ ਨਾਲ ਜੂਝ ਰਹੇ ਸਨ।


Sunny Mehra

Content Editor

Related News