ਦਿੱਲੀ ''ਚ ਕੋਰੋਨਾ ਦੀ ਆਫ਼ਤ, ਕੇਜਰੀਵਾਲ ਸਰਕਾਰ ਨੇ ਖਿੱਚੀ ਤਿਆਰੀ (ਤਸਵੀਰਾਂ)
Tuesday, Jun 16, 2020 - 04:05 PM (IST)
ਨਵੀਂ ਦਿੱਲੀ (ਵਾਰਤਾ)— ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਦੇ ਖਦਸ਼ੇ ਨੂੰ ਦੇਖਦਿਆਂ ਮਰੀਜ਼ਾਂ ਨੂੰ ਭਰਤੀ ਕਰਨ ਦੀ ਲੋੜ ਪੈਣ 'ਤੇ ਬੈੱਡਾਂ ਦੀ ਗਿਣਤੀ 'ਚ ਇਜਾਫਾ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਹੋਟਲ ਸੂਰਈਆ ਦਾ ਦੌਰਾ ਕਰ ਕੇ ਇੱਥੇ ਤਿਆਰੀਆਂ ਦਾ ਨਿਰੀਖਣ ਕੀਤਾ। ਕੇਜਰੀਵਾਲ ਨੇ ਨਿਰੀਖਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਰਈਆ ਹੋਟਲ ਨੂੰ ਕੋਵਿਡ-19 ਮਰੀਜ਼ਾਂ ਨੂੰ ਭਰਤੀ ਕਰਨ ਲਈ ਆਈਸੋਲੇਸ਼ਨ ਸਹੂਲਤ ਲਈ ਨਿਸ਼ਾਨਬੱਧ ਕੀਤਾ ਗਿਆ ਹੈ।
ਇਸੇ ਸਿਲਸਿਲੇ 'ਚ ਇੱਥੇ ਸਥਾਪਤ ਕੀਤੀ ਜਾ ਰਹੀਆਂ ਸਹੂਲਤਾਂ ਦਾ ਨਿਰੀਖਣ ਕਰਨ ਆਏ ਹਾਂ। ਇਸ ਦੌਰਾਨ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਲਾਵਾ ਸਰਕਾਰ ਦੇ ਹੋਰ ਅਧਿਕਾਰੀ ਵੀ ਨਾਲ ਮੌਜੂਦ ਸਨ।
ਓਧਰ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਕੋਰੋਨਾ ਵਿਰੁੱਧ ਲੜਾਈ ਵਿਚ ਕਈ ਹੋਟਲਾਂ ਨੂੰ ਕੋਵਿਡ ਹਸਪਤਾਲ ਨਾਲ ਜੋੜੇਗੀ, ਜਿੱਥੇ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ, ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਆਇਆ ਹਾਂ। ਸੂਰਈਆ ਹੋਟਲ ਨੂੰ ਹੋਲੀ ਫੈਮਿਲੀ ਹਸਪਤਾਲ ਨਾਲ ਜੋੜਿਆ ਗਿਆ ਹੈ। ਦਿੱਲੀ ਵਿਚ ਕੋਰੋਨਾ ਵਾਇਰਸ ਦੀ ਆਉਣ ਵਾਲੇ ਦਿਨਾਂ 'ਚ ਭਿਆਨਕ ਸਥਿਤੀ ਦੇ ਖਦਸ਼ੇ ਨੂੰ ਲੈ ਕੇ ਵੱਡੇ ਪੱਧਰ 'ਤੇ ਬੈੱਡਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਉੱਪ ਰਾਜਪਾਲ ਅਨਿਲ ਬੈਜਲ ਨੇ ਐਤਵਾਰ ਨੂੰ ਛੱਤਰਪੁਰ ਦੇ ਭਾਟੀ ਮਾਇੰਸ ਸਥਿਤ ਰਾਧਾ ਸਵਾਮੀ ਸਤਿਸੰਗ ਬਿਆਸ ਕੰਪਲੈਕਸ ਦਾ ਦੌਰਾ ਕੀਤਾ ਸੀ, ਜਿੱਥੇ ਕੋਵਿਡ-19 ਨਾਲ ਨਜਿੱਠਣ ਦੀਆਂ ਤਿਆਰੀਆਂ ਲਈ 10 ਹਜ਼ਾਰ ਬੈੱਡਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਧਾਨੀ ਵਿਚ ਵਾਇਰਸ ਦਾ ਕਹਿਰ ਵਧਣ ਦੀ ਸਥਿਤੀ ਵਿਚ ਮੈਡੀਕਲ ਦੀਆਂ ਬੁਨਿਆਦੀ ਸਹੂਲਤਾਂ ਦੀ ਵੱਡੇ ਪੱਧਰ 'ਤੇ ਲੋੜ ਹੋਵੇਗੀ।
ਦੱਸ ਦੇਈਏ ਕਿ ਕੋਰੋਨਾ ਪ੍ਰਭਾਵਿਤ ਸੂਬਿਆਂ 'ਚੋਂ ਦਿੱਲੀ ਤੀਜੇ ਨੰਬਰ 'ਤੇ ਹੈ। ਦਿੱਲੀ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 42,829 ਹੋ ਗਈ ਹੈ ਅਤੇ 1400 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਵਾਇਰਸ ਤੋਂ 16,427 ਲੋਕ ਠੀਕ ਵੀ ਹੋਏ ਹਨ।