ਦਿੱਲੀ ’ਚ ਕੇਂਦਰੀ ਮੰਤਰੀ ਨੂੰ ਮਿਲੇ ਮੁੱਖ ਮੰਤਰੀ ਜੈਰਾਮ, ਜਾਣੋ ਹਿਮਾਚਲ ਲਈ ਕੀ ਮੰਗਿਆ
Thursday, Jan 27, 2022 - 05:23 PM (IST)
ਦਿੱਲੀ/ਸ਼ਿਮਲਾ– ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀਰਵਾਰ ਨੂੰ ਦਿੱਲੀ ’ਚ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਐੱਲ. ਮੰਡਾਵੀਆ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਪਹਾੜੀ ਖੇਤਰਾਂ ਵਿੱਚ ਪ੍ਰਤੀਕਿਰਿਆ ਸਮਾਂ ਘਟਾਉਣ ਲਈ 50 ਐਂਬੂਲੈਂਸਾਂ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰੀ ਮੰਤਰੀ ਨੂੰ ਸੂਬੇ ’ਚ ਆਸ਼ਾ ਵਰਕਰਾਂ ਦੀ ਘਾਟ ਬਾਰੇ ਜਾਣੂ ਕਰਵਾਇਆ ਅਤੇ ਰਾਸ਼ਟਰੀ ਸ਼ਹਿਰੀ ਸਿਹਤ ਮਿਸ਼ਨ (ਐੱਨ.ਯੂ.ਐੱਚ.ਐੱਮ.) ਤਹਿਤ 58 ਆਸ਼ਾ ਵਰਕਰਾਂ ਅਤੇ ਸੂਬੇ ਦੇ ਸ਼ਹਿਰੀ ਖੇਤਰਾਂ ’ਚ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ ’ਚ ਹੋਰ ਗੁਣਵੱਤਾ ਲਿਆਉਣ ਲਈ ਗੈਰ-ਐੱਨ.ਯੂ.ਐੱਚ.ਐੱਮ. ਕੰਪੋਨੈਂਟ ਅਧੀਨ 176 ਆਸ਼ਾਵਰਕਰਾਂ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ।
ਜੈਰਾਮ ਠਾਕੁਰ ਨੇ ਸੂਬੇ ਨੂੰ ਬਲਕ ਡਰੱਗ ਪਾਰਕ ਪ੍ਰਦਾਨ ਕਰਨ ਦੀ ਵੀ ਅਪੀਲ ਕੀਤੀ, ਜਿਸ ਨਾਲ ਉਦਯੋਗੀਕਰਨ ਨੂੰ ਹੁਲਾਰਾ ਮਿਲੇਗਾ। ਇਸ ਦੌਰਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵੀ ਸੂਬੇ ਦੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਡਮੁੱਲੇ ਸੁਝਾਅ ਦਿੱਤੇ।