ਪਾਨੀਪਤ ''ਚ ਗਰਜੇ CM ਭਗਵੰਤ ਮਾਨ, ਕਿਹਾ- ਹਰਿਆਣਾ ਦੀ ਵੀ ਬਦਲਾਂਗੇ ਨੁਹਾਰ
Sunday, Sep 01, 2024 - 05:04 PM (IST)
ਪਾਨੀਪਤ- ਹਰਿਆਣਾ 'ਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਪ੍ਰਦੇਸ਼ ਦੀਆਂ 90 ਸੀਟਾਂ 'ਤੇ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਦੇਸ਼ ਦੀ ਸਿਆਸਤ ਵਿਚ ਤੇਜ਼ੀ ਨਾਲ ਉੱਭਰਦੀ ਆਮ ਆਦਮੀ ਪਾਰਟੀ (ਆਪ) ਨੇ ਵੀ ਹਰਿਆਣਾ ਦੇ ਚੋਣਾਵੀ ਮੈਦਾਨ 'ਚ ਤਾਲ ਠੋਕ ਦਿੱਤੀ ਹੈ। ਪਾਰਟੀ ਨੇ ਅੱਜ ਤੋਂ ਹਰਿਆਣਾ ਚੋਣਾਂ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਪਾਨੀਪਤ ਵਿਖੇ ਟਾਊਨ ਹਾਲ 'ਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਪਾਰੀਆਂ ਦੇ ਮਸਲਿਆਂ 'ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਮਾਨ ਨੇ ਕਿਹਾ ਕਿ ਅਸੀਂ ਵਪਾਰੀਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਹਰਿਆਣਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ।
ਆਪਣੇ ਸੰਬੋਧਨ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੰਡਸਟਰੀ ਜੋ ਸਭ ਤੋਂ ਜ਼ਿਆਦਾ ਕਮਾਊਂ ਬੇਟਾ ਹੁੰਦਾ ਹੈ, ਸਰਕਾਰ ਦਾ। ਉਸ ਕਮਾਊਂ ਬੇਟੇ ਨੂੰ ਨਲਾਇਕ ਕਿਹਾ ਜਾਂਦਾ ਹੈ। ਜੋ ਇੰਨੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ, ਉਨ੍ਹਾਂ ਨਾਲ ਗੱਲ ਕੀਤੀ ਜਾਵੇ। ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ ਵਪਾਰੀਆਂ ਨੂੰ ਬੁਲਾਇਆ, ਜਿਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਸਮੱਸਿਆਵਾਂ ਦੱਸੀਆਂ। ਇਸ ਦੇ ਨਾਲ ਹੀ ਵਪਾਰੀਆਂ ਨੇ ਬਹੁਤ ਸਾਰੇ ਸੁਝਾਅ ਵੀ ਦਿੱਤੇ, ਜਿਸ ਮੁਤਾਬਕ ਅਸੀਂ ਨੀਤੀਆਂ ਬਣਾਈਆਂ।
ਮਾਨ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ 'ਚ ਘਰਾਂ ਦੀ ਬਿਜਲੀ ਬਿਲਕੁੱਲ ਮੁਫ਼ਤ ਹੈ। ਪੰਜਾਬ 'ਚ ਤਾਂ 90 ਫ਼ੀਸਦੀ ਘਰਾਂ ਨੂੰ ਬਿੱਲ ਜ਼ੀਰੋ ਆਉਂਦਾ ਹੈ। ਹਰਿਆਣਾ 'ਚ ਵੀ ਅਜਿਹਾ ਹੋ ਸਕਦਾ ਹੈ। ਹਰਿਆਣਾ ਵਾਲਿਓ ਤੁਹਾਡੇ ਸਾਥ ਦੀ ਲੋੜ ਹੈ। ਅਜਿਹਾ ਹਰਿਆਣਾ 'ਚ ਵੀ ਸੰਭਵ ਹੋ ਸਕਦਾ। ਅਸੀਂ ਹਰਿਆਣਾ ਦੀ ਵੀ ਨੁਹਾਰ ਬਦਲੇਗਾ।